ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਪੰਜਾਬ ’ਚ ਆਪਣੀ ਸਿਆਸੀ ਪਕੜ ਮਜ਼ਬੂਤ ਕਰਨ ਲਈ ਪੂਰੀ ਵਾਅ ਲਗਾ ਰਹੀ ਹੈ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਅੱਜ ਤੋਂ ਤਿੰਨ ਰੋਜ਼ਾ ਪੰਜਾਬ ਦੌਰੇ ‘ਤੇ ਆ ਰਹੇ ਹਨ। ਇਸ ਦੌਰਾਨ ਉਹ ਪਹਿਲੇ ਦਿਨ ਅੰਮ੍ਰਿਤਸਰ ਪੁੱਜਣਗੇ। ਉਹ ਸ੍ਰੀ ਹਰਿਮੰਦਰ ਸਾਹਿਬ, ਜਲ੍ਹਿਆਂਵਾਲਾ ਬਾਗ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਰਾਮ ਤੀਰਥ ਮੰਦਰ ਵਿਖੇ ਜਾਣਗੇ। ਨਿਤਿਨ ਨਬੀਨ ਦੁਪਹਿਰ 12:20 ਵਜੇ ਅੰਮ੍ਰਿਤਸਰ ਏਅਰਪੋਰਟ ਪਹੁੰਚਣਗੇ, ਜਿੱਥੇ ਭਾਜਪਾ ਆਗੂਆਂ ਅਤੇ ਵਰਕਰਾਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਜਾਵੇਗਾ।
ਇਸ ਤੋਂ ਬਾਅਦ ਉਹ ਦੁਪਹਿਰ 3 ਵਜੇ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣਗੇ। ਸ਼ਾਮ 4:15 ਵਜੇ ਉਨ੍ਹਾਂ ਦਾ ਜਲ੍ਹਿਆਂਵਾਲਾ ਬਾਗ ਜਾਣ ਦਾ ਪ੍ਰੋਗਰਾਮ ਹੈ। ਸ਼ਾਮ 5 ਵਜੇ ਉਹ ਸ੍ਰੀ ਦੁਰਗਿਆਣਾ ਮੰਦਰ ਪਹੁੰਚਣਗੇ। ਸ਼ਾਮ 6 ਵਜੇ ਨਿਤਿਨ ਨਬੀਨ ਸ੍ਰੀ ਰਾਮ ਤੀਰਥ ਮੰਦਰ ਜਾਣਗੇ। ਅੰਮ੍ਰਿਤਸਰ ਤੋਂ ਬਾਅਦ ਉਹ ਜਲੰਧਰ ਅਤੇ ਲੁਧਿਆਣਾ ਆਉਣਗੇ। ਲੁਧਿਆਣਾ ਵਿੱਚ ਨਿਤਿਨ ਨਬੀਨ ਜ਼ਮੀਨੀ ਪੱਧਰ ਦੇ ਵਰਕਰਾਂ ਅਤੇ ਆਗੂਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਫੀਡਬੈਕ ਲੈਣਗੇ। ਇਸ ਤੋਂ ਬਾਅਦ ਆਗਾਮੀ ਚੋਣਾਂ ਨੂੰ ਲੈ ਕੇ ਮਾਈਕ੍ਰੋ ਪਲਾਨਿੰਗ ‘ਤੇ ਚਰਚਾ ਕਰਨਗੇ।
ਭਾਜਪਾ ਆਗੂਆਂ ਦਾ ਮੰਨਣਾ ਹੈ ਕਿ ਰਾਸ਼ਟਰੀ ਪ੍ਰਧਾਨ ਦਾ ਇਹ ਦੌਰਾ ਪੰਜਾਬ ਭਾਜਪਾ ਲਈ ਨਵੀਂ ਊਰਜਾ ਭਰੇਗਾ। ਨਿਤਿਨ ਨਬੀਨ ਪੰਜਾਬ ਦੇ ਤਿੰਨਾਂ ਖੇਤਰਾਂ ਮਾਝਾ, ਦੋਆਬਾ ਅਤੇ ਮਾਲਵਾ ਵਿੱਚ ਵਰਕਰਾਂ ਤੇ ਆਗੂਆਂ ਨਾਲ ਮੁਲਾਕਾਤ ਕਰਕੇ ਸੰਗਠਨ ਦੀ ਸਥਿਤੀ ਅਤੇ ਭਾਜਪਾ ਦੀ ਜ਼ਮੀਨੀ ਹਕੀਕਤ ਦਾ ਮੁਲਾਂਕਣ ਕਰਨਗੇ।
ਭਲਕੇ 21 ਜੂਨ ਨੂੰ ਨਿਤਿਨ ਨਬੀਨ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਆਯੋਜਿਤ ਸਮਾਗਮ ਵਿੱਚ ਭਾਗ ਲੈਣਗੇ। ਇਸ ਤੋਂ ਬਾਅਦ ਉਹ ਲੁਧਿਆਣਾ ਜਾਣਗੇ, ਜਿੱਥੇ ਦੁੱਗਰੀ ਰੋਡ ਸਥਿਤ ਭਾਜਪਾ ਦੇ ਜ਼ਿਲ੍ਹਾ ਦਫ਼ਤਰ ਦਾ ਰਸਮੀ ਉਦਘਾਟਨ ਕਰਨਗੇ ਅਤੇ ਮੰਡਲ ਪ੍ਰਭਾਰੀਆਂ ਅਤੇ ਸੀਨੀਅਰ ਸੰਗਠਨਾਤਮਕ ਅਹੁਦੇਦਾਰਾਂ ਨਾਲ ਵਿਸਤ੍ਰਿਤ ਮੀਟਿੰਗ ਕਰਨਗੇ। ਸ਼ਾਮ ਨੂੰ ਉਹ ਉਦਯੋਗਪਤੀਆਂ ਅਤੇ ਵਪਾਰਕ ਭਾਈਚਾਰੇ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਨਗੇ।
