ਚੰਡੀਗੜ੍ਹ: ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਵੱਡਾ ਸਿਆਸੀ ਫੈਸਲਾ ਲੈਂਦਿਆਂ ਕੇਵਲ ਸਿੰਘ ਢਿੱਲੋਂ ਨੂੰ ਸੂਬਾ ਪ੍ਰਧਾਨ ਨਿਯੁਕਤ ਕਰ ਦਿੱਤਾ ਹੈ। ਕੇਵਲ ਢਿੱਲੋਂ ਲਗਭਗ ਚਾਰ ਸਾਲ ਪਹਿਲਾਂ ਕਾਂਗਰਸ ਛੱਡ ਕੇ BJP ਵਿੱਚ ਸ਼ਾਮਲ ਹੋਏ ਸਨ ਅਤੇ ਹੁਣ ਉਹ ਪੰਜਾਬ ਵਿੱਚ ਪਾਰਟੀ ਦਾ ਵੱਡਾ ਸਿੱਖ ਚਿਹਰਾ ਮੰਨੇ ਜਾਣਗੇ।
ਇਸ ਤੋਂ ਪਹਿਲਾਂ ਸੁਨੀਲ ਜਾਖੜ ਪੰਜਾਬ BJP ਦੇ ਪ੍ਰਧਾਨ ਸਨ। ਹਾਲਾਂਕਿ ਲੋਕ ਸਭਾ ਚੋਣਾਂ ਤੋਂ ਬਾਅਦ ਉਹ ਅਸਤੀਫਾ ਦੇ ਚੁੱਕੇ ਸਨ, ਪਰ ਪਾਰਟੀ ਵੱਲੋਂ ਉਸ ਨੂੰ ਮਨਜ਼ੂਰ ਨਹੀਂ ਕੀਤਾ ਗਿਆ ਸੀ। ਹੁਣ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ BJP ਨੇ ਨਵਾਂ ਚਿਹਰਾ ਅੱਗੇ ਕੀਤਾ ਹੈ।
ਗਵਰਨਰ ਹਾਊਸ ਵਿੱਚ ਮਿਲੀ ਜਾਣਕਾਰੀ
ਜਦੋਂ ਕੇਵਲ ਸਿੰਘ ਢਿੱਲੋਂ ਨੂੰ ਪ੍ਰਧਾਨ ਬਣਾਉਣ ਦਾ ਐਲਾਨ ਹੋਇਆ, ਉਸ ਵੇਲੇ ਉਹ ਚੰਡੀਗੜ੍ਹ ਦੇ ਗਵਰਨਰ ਹਾਊਸ ਵਿੱਚ ਮੌਜੂਦ ਸਨ। BJP ਦੇ ਕੁਝ ਆਗੂ ਉਨ੍ਹਾਂ ਦੀ ਅਗਵਾਈ ਵਿੱਚ ਚੋਣ ਕਮਿਸ਼ਨ ਨਾਲ ਮੀਟਿੰਗ ਕਰਨ ਗਏ ਹੋਏ ਸਨ। ਇਸੇ ਦੌਰਾਨ ਪਾਰਟੀ ਵੱਲੋਂ ਨਿਯੁਕਤੀ ਸੰਬੰਧੀ ਹੁਕਮ ਜਾਰੀ ਕਰ ਦਿੱਤੇ ਗਏ।
ਕੇਵਲ ਢਿੱਲੋਂ ਨੇ ਕਿਹਾ ਕਿ 2027 ਵਿੱਚ ਪੰਜਾਬ ਵਿੱਚ ਕਮਲ ਦਾ ਫੁੱਲ ਖਿੜੇਗਾ ਅਤੇ BJP ਦੀ ਸਰਕਾਰ ਬਣੇਗੀ। ਉਨ੍ਹਾਂ ਕਿਹਾ ਕਿ ਪਾਰਟੀ ਇਕਜੁੱਟ ਹੋ ਕੇ ਚੋਣਾਂ ਲੜੇਗੀ। ਜੱਟ ਸਿੱਖ ਚਿਹਰੇ ਬਾਰੇ ਪੁੱਛੇ ਸਵਾਲ ‘ਤੇ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹਿੰਦੂ ਅਤੇ ਸਿੱਖ ਭਾਈਚਾਰੇ ਹਮੇਸ਼ਾ ਇਕੱਠੇ ਰਹੇ ਹਨ ਅਤੇ ਅੱਗੇ ਵੀ ਇਹ ਸਾਂਝ ਕਾਇਮ ਰਹੇਗੀ।
BJP ਨੇ ਇਹ ਫੈਸਲਾ ਕਿਉਂ ਲਿਆ?
ਮੰਨਿਆ ਜਾ ਰਿਹਾ ਹੈ ਕਿ 2027 ਚੋਣਾਂ ਤੋਂ ਪਹਿਲਾਂ BJP ਪੰਜਾਬ ਵਿੱਚ ਸਿੱਖ ਵੋਟਰਾਂ ਨੂੰ ਆਪਣੇ ਨਾਲ ਜੋੜਨਾ ਚਾਹੁੰਦੀ ਹੈ। ਇਸ ਲਈ ਪਾਰਟੀ ਨੇ ਸਿੱਖ ਚਿਹਰੇ ਨੂੰ ਸੂਬਾ ਪ੍ਰਧਾਨ ਬਣਾਇਆ ਹੈ। ਇਸ ਤੋਂ ਪਹਿਲਾਂ ਸੁਨੀਲ ਜਾਖੜ ਅਤੇ ਵਰਕਿੰਗ ਪ੍ਰਧਾਨ ਅਸ਼ਵਨੀ ਸ਼ਰਮਾ ਦੋਵੇਂ ਹੀ ਹਿੰਦੂ ਚਿਹਰੇ ਸਨ।
ਇਸ ਤੋਂ ਇਲਾਵਾ ਸੁਨੀਲ ਜਾਖੜ ਦੇ ਅਸਤੀਫੇ ਅਤੇ ਲੋਕ ਸਭਾ ਚੋਣਾਂ ਵਿੱਚ BJP ਦੇ ਖਰਾਬ ਪ੍ਰਦਰਸ਼ਨ ਤੋਂ ਬਾਅਦ ਵੀ ਪਾਰਟੀ ਬਦਲਾਅ ਦੇ ਮੂਡ ਵਿੱਚ ਸੀ। ਕੇਵਲ ਢਿੱਲੋਂ ਨੂੰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਰੀਬੀ ਵੀ ਮੰਨਿਆ ਜਾਂਦਾ ਹੈ। ਅਜਿਹੇ ਵਿੱਚ ਇਹ ਫੈਸਲਾ ਕੈਪਟਨ ਗਰੁੱਪ ਨੂੰ ਵੀ ਮਜ਼ਬੂਤ ਸੰਦੇਸ਼ ਵਜੋਂ ਦੇਖਿਆ ਜਾ ਰਿਹਾ ਹੈ।
