ਬਿਹਾਰ: ਨਾਲੰਦਾ ਜ਼ਿਲ੍ਹੇ ਦੇ ਮਾਂ ਸ਼ੀਤਲਾ ਮੰਦਰ ਵਿੱਚ ਭਗਦੜ ਮਚਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਭਗਦੜ ਕਾਰਨ 8 ਔਰਤਾਂ ਦੀ ਮੌਤ ਹੋ ਗਈ ਹੈ ਅਤੇ ਕਈ ਲੋਕ ਜ਼ਖਮੀ ਹਨ । ਮ੍ਰਿਤਕਾਂ ਵਿੱਚੋਂ ਦੋ ਲੋਕਾਂ ਦੀ ਪਛਾਣ ਹੋ ਗਈ ਹੈ। ਇਹ ਘਟਨਾ ਨਾਲੰਦਾ ਜ਼ਿਲ੍ਹੇ ਦੇ ਦੀਪਨਗਰ ਥਾਣਾ ਖੇਤਰ ਦੀ ਹੈ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ।
ਘਟਨਾ ਵਾਲੀ ਥਾਂ ‘ਤੇ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਮਰਨ ਵਾਲਿਆਂ ਵਿੱਚੋਂ ਜਿਨ੍ਹਾਂ ਦੋ ਔਰਤਾਂ ਦੀ ਪਛਾਣ ਹੋਈ ਹੈ, ਉਨ੍ਹਾਂ ਵਿੱਚ ਸਕੁੰਤ ਬਿਹਾਰ ਦੇ ਰਹਿਣ ਵਾਲੇ ਦਿਨੇਸ਼ ਰਜਕ ਦੀ ਪਤਨੀ ਰੀਤਾ ਦੇਵੀ (50) ਅਤੇ ਮਥੁਰਾਪੁਰ ਨੂਰਸਰਾਏ ਦੇ ਰਹਿਣ ਵਾਲੇ ਕਮਲੇਸ਼ ਪ੍ਰਸਾਦ ਦੀ ਪਤਨੀ ਰੇਖਾ ਦੇਵੀ (45) ਸ਼ਾਮਲ ਹਨ। ਸੂਬੇ ਦੇ ਉਪ-ਮੁੱਖ ਮੰਤਰੀ ਸਮਰਾਟ ਚੌਧਰੀ ਨੇ ਇਸ ਘਟਨਾ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਦੱਸ ਦਈਏ ਕਿ ਅੱਜ ਚੇਤ ਮਹੀਨੇ ਦਾ ਆਖਰੀ ਮੰਗਲਵਾਰ ਹੈ। ਇਸ ਕਾਰਨ ਮੰਦਰ ਵਿੱਚ ਸ਼ਰਧਾਲੂਆਂ ਦੀ ਭਾਰੀ ਭੀੜ ਇਕੱਠੀ ਹੋ ਗਈ। ਇਹ ਮੰਦਰ ਨਲੰਦਾ ਤੋਂ ਲਗਭਗ 5 ਕਿਲੋਮੀਟਰ ਦੂਰ ਮਘਰਾ ਪਿੰਡ ਵਿੱਚ ਸਥਿਤ ਹੈ। ਮੁੱਖ ਪੂਜਾ ਚੇਤ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਅਸ਼ਟਮੀ (ਸ਼ੀਤਲਾ ਅਸ਼ਟਮੀ) ਨੂੰ ਕੀਤੀ ਜਾਂਦੀ ਹੈ। ਇਹ ਪਰੰਪਰਾ ਹੈ ਕਿ ਸ਼ੀਤਲਾ ਅਸ਼ਟਮੀ ਦੇ ਦਿਨ ਘਰਾਂ ਵਿੱਚ ਚੁੱਲ੍ਹਾ ਨਹੀਂ ਜਗਾਇਆ ਜਾਂਦਾ। ਸ਼ਰਧਾਲੂ ਇੱਕ ਦਿਨ ਪਹਿਲਾਂ ਤਿਆਰ ਕੀਤਾ ਗਿਆ ਠੰਡਾ ਭੋਜਨ (ਬਾਸੀ) ਮਾਂ ਦੇਵੀ ਨੂੰ ਭੋਗ ਲਗਾਉਂਦੇ ਹਨ। ਅਸ਼ਟਮੀ ਦੇ ਦਿਨ ਇੱਥੇ ਬਹੁਤ ਭੀੜ ਹੁੰਦੀ ਹੈ, ਲੋਕ ਮਾਂ ਦੇਵੀ ਦੇ ਦਰਸ਼ਨ ਕਰਨ ਲਈ ਲੰਬੀਆਂ ਕਤਾਰਾਂ ਵਿੱਚ ਖੜ੍ਹੇ ਹੁੰਦੇ ਹਨ।
ਜਿਵੇਂ ਹੀ ਭਗਦੜ ਮਚੀ, ਮੰਦਰ ਦੇ ਆਲੇ-ਦੁਆਲੇ ਚੀਕ-ਚਿਹਾੜਾ ਪੈ ਗਿਆ। ਹਾਦਸੇ ਤੋਂ ਬਾਅਦ, ਪਟਨਾ ਕਮਿਸ਼ਨਰ ਨੂੰ ਬਿਹਾਰ ਸ਼ਰੀਫ ਭੇਜਿਆ ਗਿਆ। ਮੁੱਖ ਮੰਤਰੀ ਨੇ ਮੁੱਖ ਸਕੱਤਰ ਨੂੰ ਜਾਂਚ ਦੇ ਹੁਕਮ ਦਿੱਤੇ ਹਨ।
