ਨਵੀ ਦਿੱਲੀ : ਕੇਂਦਰ ਨੇ ਅੱਜ ਲੱਦਾਖ ਦੇ ਸਮਾਜਿਕ ਕਾਰਕੁਨ ਅਤੇ ਇੰਜੀਨੀਅਰ ਸੋਨਮ ਵਾਂਗਚੁਕ ‘ਤੇ ਲੱਗਿਆ ਨੈਸ਼ਨਲ ਸਕਿਓਰਿਟੀ ਐਕਟ (NSA) ਹਟਾ ਦਿੱਤਾ ਹੈ। ਸਰਕਾਰ ਨੇ ਕਿਹਾ ਕਿ ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ। ਗ੍ਰਹਿ ਮੰਤਰਾਲੇ ਦੇ ਅਨੁਸਾਰ, ਸੋਨਮ ਨੇ NSA ਐਕਟ ਦੇ ਤਹਿਤ ਆਪਣੀ ਹਿਰਾਸਤ ਦੀ ਮਿਆਦ ਦਾ ਲਗਭਗ ਅੱਧਾ ਹਿੱਸਾ ਪੂਰਾ ਕਰ ਲਿਆ ਹੈ। ਉਹ 170 ਦਿਨਾਂ ਤੋਂ ਜੋਧਪੁਰ ਜੇਲ੍ਹ ਵਿੱਚ ਹਨ। ਹੁਣ ਉਨ੍ਹਾਂ ਦੀ ਰਿਹਾਈ ਹੋਵੇਗੀ।
ਗ੍ਰਹਿ ਮੰਤਰਾਲੇ ਨੇ ਸੋਨਮ ਵਾਂਗਚੁਕ ਨੂੰ ਬਿਨਾਂ ਕਿਸੇ ਸ਼ਰਤ ਦੇ ਤੁਰੰਤ ਰਿਹਾਅ ਕਰਨ ਦਾ ਹੁਕਮ ਦਿੱਤਾ ਹੈ। ਵਾਂਗਚੁਕ ਨੂੰ ਪਿਛਲੇ ਸਾਲ 26 ਸਤੰਬਰ 2025 ਨੂੰ ਲੇਹ ਦੇ ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ‘ਤੇ NSA ਤਹਿਤ ਹਿਰਾਸਤ ਵਿੱਚ ਲਿਆ ਗਿਆ ਸੀ। ਇਹ ਕਾਰਵਾਈ 24 ਸਤੰਬਰ 2025 ਨੂੰ ਲੇਹ ਵਿੱਚ ਹੋਏ ਹਿੰਸਕ ਪ੍ਰਦਰਸ਼ਨਾਂ ਤੋਂ ਬਾਅਦ ਕੀਤੀ ਗਈ ਸੀ, ਜਿਸ ਵਿੱਚ 4 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਜ਼ਖ਼ਮੀ ਹੋ ਗਏ ਸਨ। ਇਹ ਪ੍ਰਦਰਸ਼ਨ ਲੱਦਾਖ ਨੂੰ ਰਾਜ ਦਾ ਦਰਜਾ, ਛੇਵੀਂ ਅਨੁਸੂਚੀ ਵਿੱਚ ਸ਼ਾਮਲ ਕਰਨ, ਜ਼ਮੀਨੀ ਹੱਕਾਂ, ਨੌਕਰੀਆਂ ਅਤੇ ਸੰਵਿਧਾਨਕ ਸੁਰੱਖਿਆ ਦੀ ਮੰਗ ਨੂੰ ਲੈ ਕੇ ਹੋ ਰਹੇ ਸਨ। ਉਸ ਸਮੇਂ ਕਈ ਵਿਰੋਧੀ ਪਾਰਟੀਆਂ ਨੇ ਉਸਦੀ ਰਿਹਾਈ ਨੂੰ ਲੈ ਕੇ ਆਵਾਜ਼ ਉਠਾਈ ਸੀ।
ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਸਰਕਾਰ ਲੱਦਾਖ ਵਿੱਚ ਸ਼ਾਂਤੀ, ਸਥਿਰਤਾ ਅਤੇ ਆਪਸੀ ਵਿਸ਼ਵਾਸ ਦਾ ਮਾਹੌਲ ਬਣਾਉਣ ਲਈ ਵਚਨਬੱਧ ਹੈ, ਤਾਂ ਜੋ ਸਾਰੀਆਂ ਧਿਰਾਂ ਨਾਲ ਸਾਰਥਕ ਅਤੇ ਰਚਨਾਤਮਕ ਗੱਲਬਾਤ ਹੋ ਸਕੇ। ਬਿਆਨ ਵਿੱਚ ਕਿਹਾ ਗਿਆ, ‘ਇਸ ਉਦੇਸ਼ ਨੂੰ ਅੱਗੇ ਵਧਾਉਣ ਲਈ ਅਤੇ ਵਿਚਾਰ-ਵਟਾਂਦਰੇ ਤੋਂ ਬਾਅਦ, ਸਰਕਾਰ ਨੇ NSA ਦੇ ਤਹਿਤ ਉਪਲਬਧ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਸੋਨਮ ਵਾਂਗਚੁਕ ਦੀ ਹਿਰਾਸਤ ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕਰਨ ਦਾ ਫੈਸਲਾ ਕੀਤਾ ਹੈ।’
ਦੱਸ ਦਈਏ ਕਿ NSA ਸਰਕਾਰ ਨੂੰ ਅਜਿਹੇ ਲੋਕਾਂ ਨੂੰ ਹਿਰਾਸਤ ਵਿੱਚ ਲੈਣ ਦਾ ਅਧਿਕਾਰ ਦਿੰਦਾ ਹੈ, ਜਿਨ੍ਹਾਂ ਤੋਂ ਦੇਸ਼ ਦੀ ਸੁਰੱਖਿਆ ਜਾਂ ਜਨਤਕ ਵਿਵਸਥਾ ਨੂੰ ਖਤਰਾ ਹੋਵੇ। ਇਸ ਦੇ ਤਹਿਤ ਕਿਸੇ ਵਿਅਕਤੀ ਨੂੰ ਵੱਧ ਤੋਂ ਵੱਧ 12 ਮਹੀਨਿਆਂ ਤੱਕ ਨਜ਼ਰਬੰਦ ਰੱਖਿਆ ਜਾ ਸਕਦਾ ਹੈ।
