ਕੈਨੇਡਾ ਜਾਣ ਦਾ ਸੁਪਨਾ ਦੇਖ ਰਹੇ ਹੋ, ਪਰ ਵੱਡੇ ਸ਼ਹਿਰਾਂ ਵਿੱਚ ਨੌਕਰੀ ਅਤੇ PR ਮਿਲਣਾ ਮੁਸ਼ਕਲ ਹੋ ਰਿਹਾ ਹੈ? ਤਾਂ ਹੁਣ ਤੁਹਾਡੇ ਲਈ ਕੈਨੇਡਾ ਦੇ ਛੋਟੇ ਸ਼ਹਿਰਾਂ ਅਤੇ ਪੇਂਡੂ ਇਲਾਕਿਆਂ ਵਿੱਚ ਇੱਕ ਨਵਾਂ ਰਾਹ ਖੁੱਲ੍ਹ ਗਿਆ ਹੈ। ਜੀ ਹਾਂ! ਕੈਨੇਡਾ ਸਰਕਾਰ ਨੇ ਇਮੀਗ੍ਰੇਸ਼ਨ ਨਾਲ ਜੁੜਿਆ ਇੱਕ ਅਹਿਮ ਫ਼ੈਸਲਾ ਲੈਂਦਿਆਂ Rural Community Immigration Pilot ਨੂੰ ਹੁਣ ਪੱਕੇ ਇਮੀਗ੍ਰੇਸ਼ਨ ਪ੍ਰੋਗਰਾਮ ਵਿੱਚ ਬਦਲ ਦਿੱਤਾ ਹੈ। ਇਸ ਦਾ ਮਕਸਦ ਸਿਰਫ਼ ਵਿਦੇਸ਼ੀ ਕਾਮਿਆਂ ਨੂੰ ਕੈਨੇਡਾ ਬੁਲਾਉਣਾ ਹੀ ਨਹੀਂ, ਸਗੋਂ ਉਨ੍ਹਾਂ ਇਲਾਕਿਆਂ ਵਿੱਚ ਪੱਕੇ ਤੌਰ ‘ਤੇ ਵਸਾਉਣਾ ਵੀ ਹੈ, ਜਿੱਥੇ ਸਥਾਨਕ ਪੱਧਰ ‘ਤੇ ਕਾਮਿਆਂ ਦੀ ਕਮੀ ਹੈ। ਸਭ ਤੋਂ ਅਹਿਮ ਗੱਲ ਇਹ ਹੈ ਕਿ ਕੈਨੇਡਾ ਦੇ 2027 ਤੋਂ 2029 ਤੱਕ ਦੇ Immigration Levels Plan ਤਹਿਤ ਇਸ ਪ੍ਰੋਗਰਾਮ ਲਈ 5,500 ਦਾਖ਼ਲਾ ਸਪੇਸਾਂ ਰੱਖੀਆਂ ਗਈਆਂ ਹਨ। ਤਾਂ ਆਓ ਜਾਣਦੇ ਹਾਂ ਇਸ ਨਵੇਂ ਫ਼ੈਸਲੇ ਨਾਲ ਕਿਹੜੇ ਲੋਕਾਂ ਨੂੰ ਫ਼ਾਇਦਾ ਹੋ ਸਕਦਾ ਹੈ ਅਤੇ ਕਿਵੇਂ ਮਿਲ ਸਕਦੀ ਹੈ PR।
ਦਰਅਸਲ, ਕੈਨੇਡਾ ਦੀ ਇਮੀਗ੍ਰੇਸ਼ਨ ਮੰਤਰੀ Lena Metlege Diab ਨੇ 9 ਨਵੰਬਰ ਨੂੰ ਨੋਵਾ ਸਕੋਸ਼ੀਆ ਦੇ Pictou County ਵਿੱਚ ਇਸ ਫ਼ੈਸਲੇ ਦਾ ਐਲਾਨ ਕੀਤਾ ਹੈ। ਸਰਕਾਰ ਮੁਤਾਬਕ ਕੈਨੇਡਾ ਦੇ ਕਈ ਛੋਟੇ ਅਤੇ ਪੇਂਡੂ ਇਲਾਕਿਆਂ ਵਿੱਚ ਹੈਲਥਕੇਅਰ, ਸਿੱਖਿਆ, ਸੇਲਜ਼ ਅਤੇ ਸਰਵਿਸ ਸੈਕਟਰ ਸਮੇਤ ਵੱਖ-ਵੱਖ ਖੇਤਰਾਂ ਵਿੱਚ ਕਾਮਿਆਂ ਦੀ ਘਾਟ ਹੈ।ਅਜਿਹੇ ਵਿੱਚ ਸਥਾਨਕ ਕਾਰੋਬਾਰਾਂ ਨੂੰ ਵਿਦੇਸ਼ਾਂ ਤੋਂ ਹੁਨਰਮੰਦ ਕਾਮੇ ਭਰਤੀ ਕਰਨ ਵਿੱਚ ਮਦਦ ਮਿਲੇਗੀ ਅਤੇ ਇਨ੍ਹਾਂ ਕਾਮਿਆਂ ਨੂੰ ਕੈਨੇਡਾ ਵਿੱਚ ਵਸਣ ਦਾ ਰਸਤਾ ਮਿਲ ਸਕੇਗਾ।ਇਮੀਗ੍ਰੇਸ਼ਨ ਮੰਤਰੀ ਨੇ ਕਿਹਾ ਕਿ ਪੇਂਡੂ ਇਲਾਕਿਆਂ ਦੀਆਂ ਲੋੜਾਂ ਵੱਡੇ ਸ਼ਹਿਰਾਂ ਤੋਂ ਵੱਖਰੀਆਂ ਹਨ। ਇਸ ਲਈ ਪੂਰੇ ਕੈਨੇਡਾ ਲਈ ਇੱਕੋ ਜਿਹੀ ਇਮੀਗ੍ਰੇਸ਼ਨ ਨੀਤੀ ਹਰ ਇਲਾਕੇ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਕਰ ਸਕਦੀ।
ਹੁਣ ਗੱਲ ਕਰਦੇ ਹਾਂ ਇਸ ਪ੍ਰੋਗਰਾਮ ਦੇ ਪਿਛਲੇ ਰਿਕਾਰਡ ਦੀ।
ਸਰਕਾਰ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ, ਇਸ ਤੋਂ ਪਹਿਲਾਂ ਚੱਲੇ Rural and Northern Immigration Pilot ਅਤੇ Rural Community Immigration Pilot ਵਿੱਚ 2,800 ਤੋਂ ਵੱਧ ਰੋਜ਼ਗਾਰਦਾਤਾਵਾਂ ਨੇ ਹਿੱਸਾ ਲਿਆ ਸੀ। ਇਨ੍ਹਾਂ ਪ੍ਰੋਗਰਾਮਾਂ ਰਾਹੀਂ 12,500 ਤੋਂ ਵੱਧ ਉਮੀਦਵਾਰਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਕੈਨੇਡਾ ਦੇ ਛੋਟੇ ਭਾਈਚਾਰਿਆਂ ਵਿੱਚ ਵਸਣ ਦਾ ਮੌਕਾ ਮਿਲਿਆ। ਉੱਥੇ ਹੀ ਮੌਜੂਦਾ ਪਾਇਲਟ ਪ੍ਰੋਗਰਾਮ ਦੇ ਨਤੀਜੇ ਵੀ ਸਾਹਮਣੇ ਆਏ ਹਨ। ਜਨਵਰੀ 2025 ਤੋਂ ਅਗਸਤ 2026 ਤੱਕ ਇਸ ਪ੍ਰੋਗਰਾਮ ਨਾਲ ਜੁੜੇ ਇਲਾਕਿਆਂ ਵਿੱਚ 1,950 ਤੋਂ ਵੱਧ ਭਰੋਸੇਯੋਗ ਰੋਜ਼ਗਾਰਦਾਤਾਵਾਂ ਨੂੰ ਮਨਜ਼ੂਰੀ ਦਿੱਤੀ ਗਈ। ਇਨ੍ਹਾਂ ਰੋਜ਼ਗਾਰਦਾਤਾਵਾਂ ਵੱਲੋਂ 4,700 ਤੋਂ ਵੱਧ Job Offers ਅਤੇ Community Recommendations ਜਾਰੀ ਕੀਤੀਆਂ ਗਈਆਂ।
ਹੁਣ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਇਹ ਪ੍ਰੋਗਰਾਮ ਸਿਰਫ਼ ਪਾਇਲਟ ਵਜੋਂ ਨਹੀਂ, ਸਗੋਂ ਪੱਕੇ ਤੌਰ ‘ਤੇ ਜਾਰੀ ਰਹੇਗਾ। ਇਸ ਤਹਿਤ ਫਿਲਹਾਲ ਪਾਇਲਟ ਪ੍ਰੋਗਰਾਮ ਵਿੱਚ ਸ਼ਾਮਲ 14 ਭਾਈਚਾਰਿਆਂ ਨੂੰ ਕਵਰ ਕੀਤਾ ਜਾਵੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਇਲਾਕਿਆਂ ਨੂੰ ਵੀ ਇਸ ਨਾਲ ਜੋੜਨ ਦੀ ਯੋਜਨਾ ਹੈ। ਇਹ ਪ੍ਰੋਗਰਾਮ ਹਰ ਕਿਸੇ ਲਈ ਸਿੱਧਾ PR ਦੇਣ ਵਾਲੀ ਸਕੀਮ ਨਹੀਂ ਹੈ। ਇਸ ਵਿੱਚ ਕਮਿਊਨਿਟੀ ਨਾਲ ਜੁੜੇ ਮਨਜ਼ੂਰਸ਼ੁਦਾ Employer ਤੋਂ ਨੌਕਰੀ ਦੀ ਪੇਸ਼ਕਸ਼ ਅਤੇ ਹੋਰ ਲੋੜੀਂਦੀਆਂ ਯੋਗਤਾਵਾਂ ਪੂਰੀਆਂ ਕਰਨਾ ਜ਼ਰੂਰੀ ਹੋਵੇਗਾ। ਇਸ ਤੋਂ ਇਲਾਵਾ ਕੈਨੇਡਾ ਸਰਕਾਰ ਨੇ Provincial Nominee Programme ਅਤੇ Express Entry ਵਰਗੇ ਹੋਰ ਪੱਕੇ ਇਮੀਗ੍ਰੇਸ਼ਨ ਰਸਤਿਆਂ ਨੂੰ ਵੀ ਜਾਰੀ ਰੱਖਣ ਦੀ ਗੱਲ ਕਹੀ ਹੈ।
ਸਰਕਾਰ ਦਾ ਮਕਸਦ ਹੈ ਕਿ ਇਮੀਗ੍ਰੇਸ਼ਨ ਨੂੰ ਉਨ੍ਹਾਂ ਇਲਾਕਿਆਂ ਵੱਲ ਲਿਜਾਇਆ ਜਾਵੇ, ਜਿੱਥੇ ਕਾਮਿਆਂ ਦੀ ਸਭ ਤੋਂ ਵੱਧ ਲੋੜ ਹੈ ਅਤੇ ਜਿੱਥੇ ਨਵੇਂ ਲੋਕਾਂ ਦੇ ਆਉਣ ਨਾਲ ਆਰਥਿਕ ਵਿਕਾਸ ਨੂੰ ਹੁਲਾਰਾ ਮਿਲ ਸਕਦਾ ਹੈ। ਸੋ, ਕੈਨੇਡਾ ਜਾਣ ਦੀ ਯੋਜਨਾ ਬਣਾ ਰਹੇ ਲੋਕਾਂ ਲਈ ਇਹ ਇੱਕ ਅਹਿਮ ਅਪਡੇਟ ਹੈ। ਖ਼ਾਸ ਕਰਕੇ ਉਹ ਲੋਕ ਜੋ ਕੈਨੇਡਾ ਦੇ ਛੋਟੇ ਸ਼ਹਿਰਾਂ ਜਾਂ ਪੇਂਡੂ ਇਲਾਕਿਆਂ ਵਿੱਚ ਨੌਕਰੀ ਕਰਨ ਅਤੇ ਉੱਥੇ ਹੀ ਆਪਣਾ ਭਵਿੱਖ ਬਣਾਉਣ ਲਈ ਤਿਆਰ ਹਨ, ਉਨ੍ਹਾਂ ਲਈ ਇਹ ਪ੍ਰੋਗਰਾਮ ਇੱਕ ਨਵਾਂ ਮੌਕਾ ਬਣ ਸਕਦਾ ਹੈ। ਪਰ ਯਾਦ ਰੱਖੋ, ਨੌਕਰੀ ਦੀ ਪੇਸ਼ਕਸ਼, ਯੋਗਤਾ ਅਤੇ ਕਮਿਊਨਿਟੀ ਦੀ ਸਿਫ਼ਾਰਸ਼ ਇਸ ਪ੍ਰੋਗਰਾਮ ਦੇ ਅਹਿਮ ਹਿੱਸੇ ਹਨ। ਕੈਨੇਡਾ ਇਮੀਗ੍ਰੇਸ਼ਨ ਨਾਲ ਜੁੜੀਆਂ ਅਜਿਹੀਆਂ ਹੀ ਅਹਿਮ ਖ਼ਬਰਾਂ ਲਈ ਸਾਡੇ ਨਾਲ ਜੁੜੇ ਰਹੋ।
