ਚੰਡੀਗੜ੍ਹ: ਪੰਜਾਬ ਦੇ ਮਸ਼ਹੂਰ ਕਾਮੇਡੀਅਨ ਡਾ. ਜਸਵਿੰਦਰ ਭੱਲਾ ਪੰਜ ਤੱਤਾਂ ‘ਚ ਵਿਲੀਨ ਹੋ ਗਏ ਹਨ। ਉਹਨਾਂ ਦਾ ਅੰਤਿਮ ਸਸਕਾਰ ਮੋਹਾਲੀ ਵਿਖੇ ਕੀਤਾ ਗਿਆ ਤੇ ਉਹਨਾਂ ਦੇ ਪੁੱਤਰ ਪੁਖਰਾਜ ਭੱਲਾ ਨੇ ਚਿਤਾ ਨੂੰ ਮੁੱਖ ਅਗਨੀ ਦਿੱਤੀ। ਡਾ. ਭੱਲਾ ਦਾ 65 ਸਾਲ ਦੀ ਉਮਰ ‘ਚ 22 ਅਗਸਤ ਸ਼ੁੱਕਰਵਾਰ ਨੂੰ ਦੇਹਾਂਤ ਹੋ ਗਿਆ ਸੀ। 20 ਅਗਸਤ ਨੂੰ ਡਾ. ਜਸਵਿੰਦਰ ਭੱਲਾ ਨੂੰ ਬ੍ਰੇਨ ਸਟ੍ਰੋਕ ਆਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮੋਹਾਲੀ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਰਾਤ ਭਰ ਉਨ੍ਹਾਂ ਦੀ ਸਿਹਤ ਵਿਗੜਦੀ ਗਈ ਅਤੇ ਬੀਤੀ ਸਵੇਰ ਲਗਭਗ 4 ਵਜੇ ਉਨ੍ਹਾਂ ਨੇ ਆਖਰੀ ਸਾਹ ਲਿਆ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਜਸਵਿੰਦਰ ਭੱਲਾ ਦੇ ਦੇਹਾਂਤ ’ਤੇ ਦੁੱਖ ਜਤਾਇਆ ਹੈ। ਉਨ੍ਹਾਂ ਕਿਹਾ ਕਿ ਜਸਵਿੰਦਰ ਭੱਲਾ ਦਾ ਇਸ ਤਰ੍ਹਾਂ ਅਚਾਨਕ ਸਦੀਵੀ ਵਿਛੋੜਾ ਦੇਣਾ ਬਹੁਤ ਦੁਖਦਾਈ ਹੈ। ਮੁੱਖ ਮੰਤਰੀ ਭੱਲਾ ਦੇ ਘਰ ਵੀ ਪਹੁੰਚੇ ਅਤੇ ਪਰਿਵਾਰ ਨਾਲ ਮੁਲਾਕਾਤ ਕੀਤੀ।

ਜਸਵਿੰਦਰ ਭੱਲਾ ਦਾ ਜਨਮ 4 ਮਈ 1960 ਨੂੰ ਲੁਧਿਆਣਾ ਦੇ ਦੋਰਾਹਾ ਵਿੱਚ ਹੋਇਆ ਸੀ। ਉਨ੍ਹਾਂ ਨੇ 1988 ਵਿੱਚ “ਛਣਕਾਟਾ 88” ਨਾਲ ਕਾਮੇਡੀਅਨ ਵਜੋਂ ਕਰੀਅਰ ਸ਼ੁਰੂ ਕੀਤਾ ਸੀ। ਬਾਅਦ ਵਿੱਚ ਉਹ ਫਿਲਮ “ਦੁੱਲਾ ਭੱਟੀ” ਵਿੱਚ ਅਦਾਕਾਰ ਵਜੋਂ ਵੀ ਨਜ਼ਰ ਆਏ।

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ’ਚ ਪ੍ਰੋਫੈਸਰ

ਜਸਵਿੰਦਰ ਭੱਲਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU) ’ਚ ਪ੍ਰੋਫੈਸਰ ਰਹੇ। ਉਹ PAU ਦੇ ਬ੍ਰਾਂਡ ਅੰਬੈਸਡਰ ਵੀ ਸਨ ਅਤੇ ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਯੂਨੀਵਰਸਿਟੀ ਦੀਆਂ ਤਕਨੀਕਾਂ ਅਤੇ ਸਾਹਿਤ ਨੂੰ ਕਿਸਾਨਾਂ ਤੱਕ ਪਹੁੰਚਾਉਣ ਵਿੱਚ ਅਹਿਮ ਯੋਗਦਾਨ ਦਿੱਤਾ। ਉਨ੍ਹਾਂ ਦਾ ਪੂਰਾ ਧਿਆਨ ਕਿਸਾਨ ਭਾਈਚਾਰੇ ਦੀ ਸੇਵਾ ਅਤੇ ਜਾਗਰੂਕਤਾ ਵਧਾਉਣ ’ਤੇ ਸੀ।

ਜਸਵਿੰਦਰ ਭੱਲਾ ਨੂੰ ਭਾਵੇਂ ਸਾਰਿਆਂ ਨੇ ਕਾਮੇਡੀਅਨ ਵਜੋਂ ਜਾਣਿਆ, ਪਰ ਉਹ ਇੱਕ ਪ੍ਰੋਫੈਸਰ ਵੀ ਸਨ। ਉਨ੍ਹਾਂ ਦੇ ਵਿਦਿਆਰਥੀ ਨਿਰਮਲ ਜੋੜਾ ਨੇ ਆਪਣੇ ਆਰਟੀਕਲ ’ਚ ਲਿਖਿਆ ਕਿ ਕਾਲਜ ਦੇ ਪਹਿਲੇ ਦਿਨ ਡਾ. ਭੱਲਾ ਦਾ ਪਹਿਲਾ ਲੈਕਚਰ ਸੀ। ਸਾਰੇ ਵਿਦਿਆਰਥੀ ਇੱਕ ਹਾਸਰਸ ਕਲਾਕਾਰ ਤੋਂ ਪੜ੍ਹਨ ਲਈ ਉਤਸੁਕ ਸਨ। ਸਾਰੇ ਸੋਚਦੇ ਸਨ ਕਿ ਜਿਵੇਂ ਉਹ ਪਰਦੇ ’ਤੇ ਹਨ, ਉਵੇਂ ਹੀ ਕਲਾਸ ਦਾ ਮਾਹੌਲ ਹੋਵੇਗਾ। ਪਰ ਅਜਿਹਾ ਨਹੀਂ ਸੀ। ਪੂਰਾ ਸਮੈਸਟਰ ਉਸੇ ਤਰ੍ਹਾਂ ਪੜ੍ਹਾਈ ਹੋਈ ਜਿਵੇਂ ਹੋਰ ਵਿਸ਼ਿਆਂ ਦੀ ਹੁੰਦੀ ਹੈ। ਪਹਿਲੇ ਦਿਨ ਤੋਂ ਹੀ ਉਨ੍ਹਾਂ ਨੇ ਲੈਕਚਰ ’ਚ ਹਾਸਰਸ ਕਲਾਕਾਰ ਦੀ ਝਲਕ ਨਹੀਂ ਆਉਣ ਦਿੱਤੀ।

ਗੁੰਝਲਦਾਰ ਗੱਲਾਂ ਨੂੰ ਸਰਲ ਤਰੀਕੇ ਨਾਲ ਸਮਝਾਉਣ ਦੇ ਮਾਹਰ

ਨਿਰਮਲ ਜੋੜਾ ਦੱਸਦੇ ਹਨ ਕਿ ਉਹ ਪਹਿਲਾਂ ਖੇਤੀਬਾੜੀ ਵਿਭਾਗ ’ਚ ਇੰਸਪੈਕਟਰ ਸਨ, ਜਿਸ ਕਾਰਨ ਉਹ ਪੰਜਾਬ ਨੂੰ ਚੰਗੀ ਤਰ੍ਹਾਂ ਸਮਝਦੇ ਸਨ। ਉਹ ਆਪਣੇ ਕੰਟੈਂਟ ਨੂੰ ਵਧੀਆ ਤਰੀਕੇ ਨਾਲ ਤਿਆਰ ਕਰਕੇ ਸਮਝਾਉਂਦੇ ਸਨ। ਉਹ ਵਿਦਿਆਰਥੀਆਂ ਨੂੰ ਸਿਖਾਉਂਦੇ ਸਨ ਕਿ ਲੋਕਾਂ ਨਾਲ ਕਿਵੇਂ ਗੱਲਬਾਤ ਕਰਨੀ ਹੈ ਅਤੇ ਉਨ੍ਹਾਂ ਨਾਲ ਕਿਵੇਂ ਘੁਲਣਾ-ਮਿਲਣਾ ਹੈ। ਉਹ ਇਸ ਦੀ ਰਿਹਰਸਲ ਵੀ ਕਰਵਾਉਂਦੇ ਸਨ, ਤਾਂ ਜੋ ਪਿੰਡਾਂ ’ਚ ਜਾਣ ’ਤੇ ਵਿਦਿਆਰਥੀਆਂ ਦੀ ਗੱਲ ਕਿਸੇ ਨੂੰ ਨਾ ਚੁਭੇ।

ਉਨ੍ਹਾਂ ਨੇ ਦੱਸਿਆ ਕਿ ਪ੍ਰੈਕਟੀਕਲ ਪਿੰਡਾਂ ’ਚ ਹੁੰਦੇ ਸਨ। ਇੱਕ ਵਾਰ ਪ੍ਰੈਕਟੀਕਲ ਤੋਂ ਇੱਕ ਦਿਨ ਪਹਿਲਾਂ ਡਾ. ਭੱਲਾ ਨੇ ਕਿਹਾ ਸੀ ਕਿ ਕੱਲ੍ਹ ਪ੍ਰੈਕਟੀਕਲ ਲਈ ਅਸੀਂ ਸਿਧਵਾਂ, ਮੰਡਿਆਣੀ, ਭਰੋਵਾਲ ਅਤੇ ਵਿਰਕੀ ਜਾਵਾਂਗੇ। ਸਾਦੇ ਕੱਪੜੇ ਪਾਉਣਾ। ਜੇ ਕਿਸੇ ਨੇ ਫੈਸ਼ਨ ਕੀਤਾ ਤਾਂ ਪਿੰਡ ਵਾਲੇ ਅੱਗੇ ਤੋਂ ਗੱਲ ਨਹੀਂ ਕਰਨਗੇ।

ਕਾਮੇਡੀ ਕਰੀਅਰ

ਉਨ੍ਹਾਂ ਨੇ ਆਜ਼ਾਦੀ ਦਿਹਾੜੇ ਅਤੇ ਗਣਤੰਤਰ ਦਿਵਸ ਪ੍ਰਦਰਸ਼ਨਾਂ ‘ਤੇ ਪ੍ਰਦਰਸ਼ਨ ਕਰਨਾ ਸ਼ੁਰੂ ਕੀਤਾ। ਜਸਵਿੰਦਰ ਭੱਲਾ ਅਤੇ ਦੋ ਸਹਿਪਾਠੀਆਂ ਨੂੰ 1975 ‘ਚ ਆਲ ਇੰਡੀਆ ਰੇਡੀਓ ਲਈ ਚੁਣਿਆ ਗਿਆ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਇਕ ਵਿਦਿਆਰਥੀ ਦੇ ਰੂਪ ‘ਚ ਜਸਵਿੰਦਰ ਭੱਲਾ ਨੇ ਯੂਨੀਵਰਸਿਟੀ ਦੇ ਪ੍ਰੋਗਰਾਮਾਂ ਵਿਚ ਕਾਮੇਡੀ ਪ੍ਰਦਰਸ਼ਨ ਕੀਤਾ ਸੀ। ਉਹਨਾਂ ਨੇ 1988 ਵਿੱਚ ਆਪਣੇ ਪੇਸ਼ੇਵਰ ਕਰੀਅਰ ਨੂੰ ਸਹਿਕਾਰਤਾ ਬਾਲ ਮੁਕੰਦ ਸ਼ਰਮਾ ਦੇ ਨਾਲ ਆਡੀਓ ਕੈਸੇਟ ਛਣਕਾਟਾ 1988 ਨਾਲ ਅਰੰਭ ਕੀਤਾ। ਬਾਲ ਮੁਕੰਦ ਸ਼ਰਮਾ ਅਤੇ ਜਸਵਿੰਦਰ ਭੱਲਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਸਹਿਪਾਠੀ ਸਨ। ਸ਼ਬਦ ਛਣਕਾਟਾ ਪੀਏਯੂ ਦੇ ਭੱਲਾ ਅਤੇ ਸ਼ਰਮਾ ਦੁਆਰਾ ਕੀਤੇ ਗਏ ਕਾਲਜ ਪੱਧਰ ਦੇ ਸਾਲਾਨਾ ਸ਼ੋਅ ਤੋਂ ਪੈਦਾ ਹੋਇਆ ਹੈ। ਪੰਜਾਬੀ ਦੇ ਲੇਖਕ ਜਗਦੇਵ ਸਿੰਘ ਜੱਸੋਵਾਲ ਦੀ ਨਿੱਜੀ ਸਹਾਇਤਾ ‘ਤੇ ਪ੍ਰੋਫੈਸਰ ਮੋਹਨ ਸਿੰਘ ਮੇਲਾ (ਸੱਭਿਆਚਾਰਕ ਤਿਉਹਾਰ)’ ਚ ਪ੍ਰਦਰਸ਼ਨ ਕਰਦੇ ਹੋਏ ਦੂਰਦਰਸ਼ਨ ਕੇਂਦਰ ਜਲੰਧਰ ਨੇ ਉਨ੍ਹਾਂ ਨੂੰ ਦੇਖਿਆ। ਉਸਨੇ ਛਣਕਾਟਾ ਸੀਰੀਜ਼ ਦੇ 27 ਆਡੀਓ ਅਤੇ ਵੀਡੀਓ ਐਲਬਮਾਂ ਨੂੰ ਜਾਰੀ ਕੀਤਾ। ਬਾਲ ਮੁਕੰਦ ਸ਼ਰਮਾ ਤੋਂ ਇਲਾਵਾ ਨੀਲੂ ਸ਼ਰਮਾ ਵੀ ਛਣਕਾਟਾ ਸੀਰੀਜ਼ ਦਾ ਹਿੱਸਾ ਹੈ। ਛਣਕਾਟਾ 2002 ਨਾਲ ਸ਼ੁਰੂ ਲੜੀ ਨੂੰ ਵੀ ਵਿਡਿਓ ਕੈਸੇਟ ਵੀ ਰਿਲੀਜ਼ ਕੀਤਾ ਗਿਆ।