ਸਮਰਾਲਾ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਭਾਜਪਾ, ਅਕਾਲੀ ਦਲ ਅਤੇ ਕਾਂਗਰਸ ‘ਤੇ ਤਿੱਖਾ ਸਿਆਸੀ ਹਮਲਾ ਕਰਦਿਆਂ ਕਿਹਾ ਕਿ ਇਨ੍ਹਾਂ ਰਵਾਇਤੀ ਸਿਆਸੀ ਪਾਰਟੀਆਂ ਨੇ ਦਹਾਕਿਆਂ ਤੱਕ ਫੁੱਟ ਪਾਉਣ ਵਾਲੀ ਰਾਜਨੀਤੀ, ਪੰਜਾਬ ਵਿਰੋਧੀ ਫੈਸਲਿਆਂ ਅਤੇ ਭ੍ਰਿਸ਼ਟਾਚਾਰ ਰਾਹੀਂ ਪੰਜਾਬ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸੂਬੇ ਵਿੱਚ ਭਾਜਪਾ ਦੀ ਸਰਕਾਰ ਆਈ ਤਾਂ ਉਹ ਇੱਕ ਵਾਰ ਫਿਰ ਕਾਲੇ ਖੇਤੀ ਕਾਨੂੰਨ ਲਾਗੂ ਕਰੇਗੀ। ਸਮਰਾਲਾ ਦੇ ਪਿੰਡ ਮਾਣਕੀ ਵਿਖੇ ਲੋਕ ਮਿਲਣੀ ਦੌਰਾਨ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਭਾਜਪਾ ਨੇ ਆਰਮੀ ਸਕੂਲਾਂ ਵਿੱਚ ਸੰਸਕ੍ਰਿਤ ਨੂੰ ਲਾਜ਼ਮੀ ਅਤੇ ਪੰਜਾਬੀ ਨੂੰ ਵਿਕਲਪਿਕ ਬਣਾ ਕੇ ਆਪਣੀ ਪੰਜਾਬ ਵਿਰੋਧੀ ਸੋਚ ਉਜਾਗਰ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪਾਰਟੀ ਚੋਣਾਂ ਤੋਂ ਪਹਿਲਾਂ ਵੋਟਰਾਂ ਵਿੱਚ ਫੁੱਟ ਪਾਉਣ ਲਈ ਫਿਰਕੂ ਤਣਾਅ ਪੈਦਾ ਕਰਨ ਵਿੱਚ ਮਾਹਿਰ ਹੈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕੀਤੇ ਅੰਦੋਲਨ ਦੌਰਾਨ ਸੈਂਕੜੇ ਕਿਸਾਨ ਸ਼ਹੀਦ ਹੋ ਗਏ ਸਨ। ਉਨ੍ਹਾਂ ਕਿਹਾ ਕਿ ਸੈਂਕੜੇ ਕਿਸਾਨਾਂ ਦੀ ਸ਼ਹੀਦੀ ਤੋਂ ਬਾਅਦ ਵੀ ਭਾਜਪਾ ਪੰਜਾਬ ਵਿੱਚ ਵੋਟਾਂ ਕਿਵੇਂ ਮੰਗ ਸਕਦੀ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਉਲਟ, ‘ਆਪ’ ਸਰਕਾਰ ਭਲਾਈ ਸਕੀਮਾਂ, ਨੌਕਰੀਆਂ, ਸਿੱਖਿਆ, ਸਿਹਤ ਸੰਭਾਲ ਅਤੇ ਵਿਕਾਸ ਕਾਰਜਾਂ ਰਾਹੀਂ ਲੋਕਾਂ ਦਾ ਪੈਸਾ ਉਨ੍ਹਾਂ ਨੂੰ ਵਾਪਸ ਕਰ ਰਹੀ ਹੈ। ਉਨ੍ਹਾਂ ਪਿੰਡ ਵਿੱਚ ਵਿਕਾਸ ਪ੍ਰੋਜੈਕਟਾਂ ਲਈ 50 ਲੱਖ ਰੁਪਏ ਵੀ ਦਿੱਤੇ।
ਸਮਰਾਲਾ ਵਿੱਚ ਲੋਕ ਮਿਲਣੀ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਨੂੰ ਫੁੱਟ ਪਾਊ ਅਤੇ ਪੰਜਾਬ ਵਿਰੋਧੀ ਤਾਕਤਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਜੋ ਸੂਬੇ ਨੂੰ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਕਰ ਰਹੀਆਂ ਹਨ। ਉਨ੍ਹਾਂ ਕਿਹਾ, “ਭਾਜਪਾ ਨੇ ਪੰਜਾਬ ਵਿਰੋਧੀ ਸੋਚ ਅਪਣਾਈ ਹੋਈ ਹੈ ਅਤੇ ਉਨ੍ਹਾਂ ਦੀ ਇਹ ਸੌੜੀ ਸੋਚ ਪੰਜਾਬ ਦੇ ਆਰਮੀ ਸਕੂਲਾਂ ਵਿੱਚ ਸੰਸਕ੍ਰਿਤ ਨੂੰ ਲਾਜ਼ਮੀ ਬਣਾਉਣ ਅਤੇ ਪੰਜਾਬੀ ਨੂੰ ਇੱਕ ਵਿਕਲਪਿਕ ਵਿਸ਼ਾ ਬਣਾਉਣ ਨਾਲ ਉਜਾਗਰ ਹੁੰਦੀ ਹੈ। ਭਾਜਪਾ ਨੇ ਹਮੇਸ਼ਾ ਪੰਜਾਬ ਨਾਲ ਬੇਇਨਸਾਫ਼ੀ ਕੀਤੀ ਹੈ।”
ਮੁੱਖ ਮੰਤਰੀ ਨੇ ਕਿਹਾ, “ਸੂਬੇ ਨਾਲ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਬੀਬੀਐਮਬੀ, ਐਸਵਾਈਐਲ ਨਹਿਰ, ਹਰੀਕੇ ਨਹਿਰ, ਗਣਤੰਤਰ ਦਿਵਸ ਦੀਆਂ ਝਾਕੀਆਂ, ਆਰਡੀਐਫ ਫੰਡ ਜਾਂ ਸਰਹੱਦੀ ਖੇਤਰ ਦੇ ਫੰਡਾਂ ਵਰਗੇ ਮੁੱਦਿਆਂ ‘ਤੇ ਭਾਜਪਾ ਨੇ ਲਗਾਤਾਰ ਬੇਇਨਸਾਫ਼ੀ ਕੀਤੀ ਹੈ।”
ਉਨ੍ਹਾਂ ਕਿਹਾ ਕਿ ਭਾਜਪਾ ਨੇ ਹਮੇਸ਼ਾ ਦੰਗਿਆਂ ਅਤੇ ਫੁੱਟ ਪਾਉਣ ਦੀ ਰਾਜਨੀਤੀ ਖੇਡੀ ਹੈ। ਉਨ੍ਹਾਂ ਲੋਕਾਂ ਨੂੰ ਅਗਾਮੀ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਅਸਥਿਰਤਾ ਪੈਦਾ ਕਰਨ ਦੀਆਂ ਕੋਸ਼ਿਸ਼ ਕਰਨ ਵਾਲੀਆਂ ਤਾਕਤਾਂ ਨੂੰ ਢੁਕਵਾਂ ਜਵਾਬ ਦੇਣ ਲਈ ਕਿਹਾ। ਉਨ੍ਹਾਂ ਅੱਗੇ ਕਿਹਾ, “ਪੰਜਾਬ ਵਿੱਚ ਕੁਝ ਰਾਜਨੀਤਿਕ ਪਾਰਟੀਆਂ ਧਰਮ ਦੇ ਨਾਮ ‘ਤੇ ਲੋਕਾਂ ਵਿੱਚ ਫੁੱਟ ਪਾਉਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ। ਭਾਜਪਾ ਦੀ ਰਾਜਨੀਤੀ ਭਾਈਚਾਰਿਆਂ ਵਿੱਚ ਫੁੱਟ ਪਾਉਣ ਅਤੇ ਫਿਰ ਉਨ੍ਹਾਂ ਨੂੰ ਡਰਾ ਕੇ ਵੋਟਾਂ ਮੰਗਣ ‘ਤੇ ਕੇਂਦਰਿਤ ਹੈ। ਪੰਜਾਬ ਪਹਿਲਾਂ ਹੀ ਪਿਛਲੇ ਸਮੇਂ ਦੌਰਾਨ ਕਾਲੇ ਦਿਨਾਂ ਨੂੰ ਦੇਖ ਚੁੱਕਾ ਹੈ ਜਿਸਨੇ ਸੂਬੇ ਦੇ ਵਿਕਾਸ ਨੂੰ ਪਟੜੀ ਤੋਂ ਉਤਾਰ ਦਿੱਤਾ ਸੀ। ਇਸ ਲਈ ਲੋਕਾਂ ਨੂੰ ਅਜਿਹੀਆਂ ਤਾਕਤਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ।”
ਲੋਕਾਂ ਨੂੰ ਇਕਜੁੱਟ ਰਹਿਣ ਦੀ ਅਪੀਲ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪੰਜਾਬ ਦੇ ਸਰਵਪੱਖੀ ਵਿਕਾਸ ਲਈ ਅਣਥੱਕ ਮਿਹਨਤ ਕੀਤੀ ਹੈ ਅਤੇ ਪਿਛਲੀਆਂ ਸਰਕਾਰਾਂ ਦੇ ਉਲਟ ਉਨ੍ਹਾਂ ਨੇ ਕਦੇ ਵੀ ਨਿੱਜੀ ਸੁੱਖ-ਸਹੂਲਤਾਂ ਲਈ ਜਨਤਕ ਪੈਸੇ ਦੀ ਦੁਰਵਰਤੋਂ ਨਹੀਂ ਕੀਤੀ। ਉਨ੍ਹਾਂ ਕਿਹਾ, “ਮੈਂ ਆਪਣੇ ਲਈ ਸਰਕਾਰੀ ਖਜ਼ਾਨੇ ਵਿੱਚੋਂ ਇੱਕ ਪੈਸਾ ਵੀ ਨਹੀਂ ਲਿਆ। ਕਰਦਾਤਾਵਾਂ ਦਾ ਪੈਸਾ ਜਨਤਕ ਭਲਾਈ ਲਈ ਪੂਰੀ ਸਮਝਦਾਰੀ ਨਾਲ ਖਰਚ ਕੀਤਾ ਜਾ ਰਿਹਾ ਹੈ। ਤੁਹਾਡਾ ਪੁੱਤਰ ਅਤੇ ਭਰਾ ਹੋਣ ਦੇ ਨਾਤੇ, ਮੈਂ ਹਮੇਸ਼ਾ ਪਿਛਲੀਆਂ ਸਰਕਾਰਾਂ ਵਾਂਗ ਐਸ਼ੋ-ਆਰਾਮ ਦੀ ਜ਼ਿੰਦਗੀ ਜੀਉਣ ਦੀ ਬਜਾਏ ਤੁਹਾਡੇ ਦਰਦ ਅਤੇ ਮੁਸ਼ਕਲਾਂ ਨੂੰ ਸਾਂਝਾ ਕਰਨ ‘ਤੇ ਧਿਆਨ ਕੇਂਦਰਿਤ ਕੀਤਾ ਹੈ।”
ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਸਿਰਫ਼ ਆਪਣੇ ਘਰਾਂ ਤੱਕ ਹੀ ਸੀਮਿਤ ਸਨ ਅਤੇ ਉਨ੍ਹਾਂ ਨੇ ਕਦੇ ਵੀ ਲੋਕਾਂ ਨਾਲ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਸਿੱਧੇ ਤੌਰ ‘ਤੇ ਗੱਲਬਾਤ ਕਰਨ ਦੀ ਖੇਚਲ ਨਹੀਂ ਕੀਤੀ। ਉਨ੍ਹਾਂ ਕਿਹਾ, “ਕੋਈ ਵੀ ਪੁਰਾਣਾ ਆਗੂ ਕਦੇ ਵੀ ਇਸ ਤਰੀਕੇ ਨਾਲ ਲੋਕਾਂ ਦੇ ਵਿਚਕਾਰ ਉਨ੍ਹਾਂ ਦੀਆਂ ਸ਼ਿਕਾਇਤਾਂ ਸੁਣਨ ਅਤੇ ਹੱਲ ਕਰਨ ਲਈ ਨਹੀਂ ਆਇਆ। ਉਹ ਹੰਕਾਰੀ ਸਿਆਸਤਦਾਨ ਜਨਤਾ ਤੋਂ ਦੂਰ ਰਹੇ ਅਤੇ ਅੱਜ ਉਹ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਹਰ ਲੋਕ-ਪੱਖੀ ਉਪਰਾਲਿਆਂ ਤੋਂ ਹੈਰਾਨ ਹਨ।”
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਨਾਗਰਿਕ-ਕੇਂਦ੍ਰਿਤ ਅਤੇ ਵਿਕਾਸ-ਕੇਂਦ੍ਰਿਤ ਨੀਤੀਆਂ ਲੋਕਾਂ ਦੀ ਫੀਡਬੈਕ ਉਪਰੰਤ ਬਣਾਈਆਂ ਜਾ ਰਹੀਆਂ ਹਨ ਹੈ। ਉਨ੍ਹਾਂ ਕਿਹਾ, “ਵਿਰੋਧੀ ਧਿਰ ਝੂਠੀ ਅਤੇ ਅਪਮਾਨਜਨਕ ਬਿਆਨਬਾਜ਼ੀ ਰਾਹੀਂ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਪੰਜਾਬੀ ਇੰਨੇ ਸਿਆਣੇ ਹਨ ਕਿ ਇਨ੍ਹਾਂ ਆਗੂਆਂ ਦੇ ਸ਼ੱਕੀ ਅਤੇ ਚਾਲਾਂ ਖੇਡਣ ਵਾਲੇ ਕਿਰਦਾਰ ਤੋਂ ਚੰਗੀ ਤਰ੍ਹਾਂ ਜਾਣੂ ਹਨ। ਇਹ ਚਾਲਾਂ ਮੈਨੂੰ ਕਦੇ ਵੀ ਪੰਜਾਬ ਦੀ ਸੇਵਾ ਕਰਨ ਤੋਂ ਨਹੀਂ ਰੋਕ ਸਕਦੀਆਂ।”
