ਜਿਹੜੇ ਸੜਕਾਂ ਤੇ ਰੁਲ ਕੇ ਜਵਾਨ ਹੁੰਦੇ ਨੇ
ਮੈਂ ਦਾਅਵੇ ਨਾਲ ਕਹਿਣਾਂ, ਉਹ ਮਹਾਨ ਹੁੰਦੇ ਨੇ
ਜਿਹਨਾਂ ਜ਼ਿੰਦਗੀ ‘ਚ ਤੱਕਿਆ ਮੁਸ਼ਕੱਤਾਂ ਦਾ ਰਾਹ
ਉਹ ਜਾਣਦੇ ਬੰਦੇ ਨੇ, ਹੁੰਦਾ ਬੰਦੇ ਦਾ ਕੀ ਭਾਅ
ਜਿੰਦ ਵਹੁਟੀ ਨੂੰ ਉਹ ਲਾੜੇ ਪ੍ਰਵਾਨ ਹੁੰਦੇ ਨੇ
ਮੈਂ ਦਾਅਵੇ ਨਾਲ ਕਹਿਨਾਂ ਉਹ ਮਹਾਨ ਹੁੰਦੇ ਨੇ
ਪਿਛਲੇ ਵਰ੍ਹੇ ਨਾਰਥ ਅਮਰੀਕਾ ਦੀ ਫੇਰੀ ਦੌਰਾਨ ਮੈਂ ਇਕਬਾਲ ਮਾਹਲ ਸਾਹਿਬ ਦੇ ਘਰ ਟੋਰਾਂਟੋ ਵਿੱਚ ਠਹਿਰਿਆ ਹੋਇਆ ਸਾਂ ਕਿ ਅਚਾਨਕ ਟੋਰਾਂਟੋ ਦੇ ਕੌਂਸਲਰ ਵਿੱਕੀ ਢਿੱਲੋਂ ਦਾ ਫੋਨ ਆਇਆ। ਢਿੱਲੋਂ ਸਾਹਿਬ ਨੂੰ ਮੈਂ ਆਪਣਾ ਟਿਕਾਣਾ ਦੱਸਿਆ ਤਾਂ ਅੱਧੇ ਘੰਟੇ ਵਿੱਚ ਹੀ ਢਿੱਲੋਂ ਸਾਹਿਬ ਮੇਰੇ ਠਿਕਾਣੇ ਤੇ ਪਹੁੰਚ ਗਏ। ਮਾਹਲ ਸਾਹਿਬ ਤੋਂ ਇਜ਼ਾਜ਼ਤ ਲੈਕੇ ਮੈਨੂੰ ਆਪਣੀ ਕਾਰ ਵਿੱਚ ਬਿਠਾਇਆ ਤੇ ਪੂਰੇ ਇਲਾਕੇ ਦੀ ਸੈਰ ਕਰਵਾਈ। ਆਥਣੇ ਮੁੜਨ ਵੇਲੇ ਮੈਨੂੰ ਆਖਿਆ ਕਿ ਪਰਸੋਂ ਬਠਿੰਡਾ ਕਲੱਬ ਵੱਲੋਂ ਤੁਹਾਡਾ ਸਨਮਾਨ ਰੱਖ ਦਿੱਤਾ ਗਿਆ ਐ। ਪਰਸੋਂ ਦਾ ਦਿਨ ਰਾਖਵਾਂ ਰੱਖਣੈ ਕਿਸੇ ਹੋਰ ਨਾਲ ਸਾਈ ਵਧਾਈ ਨਹੀਂ ਲਾਉਣੀ
‌ ਮਿੱਥੇ ਸਮੇਂ ਤੇ ਮਾਹਲ ਸਾਹਿਬ ਮੈਨੂੰ ਦੱਸੇ ਠਿਕਾਣੇ ਤੇ ਲੈ ਗਏ। ਬੜਾ ਭਰਵਾਂ ਇਕੱਠ,,, ਇਕ ਕੋਟ ਪੈਂਟ ਟਾਈ ਸ਼ਾਈ ਵਾਲਾ ਬਾਬੂ ਸਟੇਜ਼ ਸੰਚਾਲਕ,, ਬੜੀ ਸ਼ੁਧ ਪੰਜਾਬੀ ਬੋਲ ਕੇ ਸਾਰਿਆਂ ਦਾ ਤਾਅਰੁਫ ਕਰਵਾ ਰਿਹਾ ਸੀ। ਮੈਂ ਵਾਰ ਵਾਰ ਉਹਦਾ ਸ਼ਬਦ ਉਚਾਰਨ ਸੁਣ ਕੇ ਸ਼ਰਸ਼ਾਰ ਹੋ ਰਿਹਾ ਸੀ ਤੇ ਆਪਣੇ ਆਪ ਨੂੰ ਸੁਆਲ ਕਰ ਰਿਹਾ ਸੀ ਕਿ ਇਹ ਕੌਣ ਐ ?
ਅਚਾਨਕ ਇਕ ਬੁਲਾਰੇ ਨੇ ਆਖਿਆ ਕਿ
” ਜਿਵੇਂ ਸੇਖਾ ਸਾਹਿਬ ਨੇ ਦੱਸਿਆ ਐ”
ਸੇਖਾ ਨਾਂ ਸੁਣ ਕੇ ਮੈਂ ਬਹੁਤ ਪਿਛੋਕੜ ਵਿਚ ਚਲਾ ਗਿਆ। ਗੀਤਕਾਰ ਤੇ ਗਾਇਕ ਰਾਜ ਬਰਾੜ ਮੇਰਾ ਬੇਲੀ ਹੁੰਦਾ ਸੀ ਉਹਦੇ ਨਾਲ ਇਕ ਮੁੰਡਾ ਬਲਜਿੰਦਰ ਸੇਖੇ ਪਿੰਡ ਦਾ ਰਾਜ ਦੇ ਨਾਲ ਦੋ ਚਾਰ ਵਾਰ ਮਿਲਿਆ ਸੀ। ਉਹਨਾਂ ਦਿਨਾਂ ਵਿੱਚ ਬਲਜਿੰਦਰ ਮਿਹਨਤ ਮੁਸ਼ੱਕਤ ਕਰ ਰਿਹਾ ਸੀ ਕਦੇ ਲੁਧਿਆਣੇ ਦੀਆਂ ਫੈਕਟਰੀਆਂ ਵਿੱਚ ਇਕ ਕਾਮੇ ਵੱਜੋਂ ਕਦੇ ਮੋਗੇ ਵਿੱਚ ਕਪੜੇ ਦੀ ਦੁਕਾਨ ਤੇ ਸੇਲਜ਼ਮੈਨ ਵੱਜੋਂ
ਮੇਰੇ ਮਨ ਵਿੱਚ ਆਇਆ ਕਿ ਇਸ ਸਟੇਜ਼ ਸੈਕਟਰੀ ਤੋਂ ਪੁੱਛਾਂ ਕਿ
“ਸੇਖਾ ਸਾਹਿਬ ਤੁਹਾਡੇ ਪਿੰਡ ਦਾ ਇਕ ਮੁੰਡਾ ਬਲਜਿੰਦਰ ਹੁੰਦਾ ਸੀ”
ਅੱਗੋਂ ਸਕੱਤਰ ਸਾਹਿਬ ਕਹਿੰਦੇ ਕਿ
ਬਾਂਸਲ ਸਾਹਿਬ ਤੁਸੀਂ ਪਹਿਚਾਣਿਆ ਈ ਨਹੀਂ,
” ਮੈਂ ਬਲਜਿੰਦਰ ਹੀ ਹਾਂ ਕਾਫੀ ਦੇਰ ਦਾ ਕੈਨੇਡਾ ਆ ਗਿਆ ਹਾਂ ਇੱਥੇ ਸੈਟ ਹਾਂ ਮੇਰਾ ਆਜਾਦਾਨਾ ਨਿੱਜੀ ਕਾਰੋਬਾਰ ਬਹੁਤ ਵਧੀਆ ਕੰਮ ਐ। ਅੱਜ ਦਾ ਇਹ ਸਾਰਾ ਪ੍ਰੋਗਰਾਮ ਮੈਂ ਹੀ ਅਰੈਂਜ ਕੀਤੈ ਇਹ ਸਾਰੇ ਮੇਰੇ ਸੱਜਣ ਬੇਲੀ ਈ ਨੇ।”
ਬਲਜਿੰਦਰ ਦੇ ਮੂੰਹੋਂ ਐਨੀ ਗੱਲ ਸੁਣ ਕੇ ਮੇਰੇ ਪੁਰਾਣੇ ਬੇਲੀ ਹਰਬਖਸ਼ ਟਾਹਲੀ ਦੀਆਂ ਸਤਰਾਂ ਚੇਤੇ ਆ ਗਈਆਂ
ਜਿਹੜੇ ਸੜਕਾਂ ਤੇ ਰੁਲ ਕੇ ਜਵਾਨ ਹੁੰਦੇ ਨੇ
ਮੈਂ ਦਾਅਵੇ ਨਾਲ ਕਹਿਨਾਂ ਉਹ ਮਹਾਨ ਹੁੰਦੇ ਨੇ
ਕਿਸੇ ਦਿਨ ਫੇਰ ਬਲਜਿੰਦਰ ਸੇਖੇ ਦੀ ਸ਼ਖ਼ਸੀਅਤ ਬਾਰੇ ਵੱਖਰੀ ਪੋਸਟ ਲਿਖਾਂਗਾ

ਲੇਖਕ-ਅਸ਼ੋਕ ਬਾਂਸਲ ਮਾਨਸਾ