ਫਰੀਦਕੋਟ ਤੋਂ ਇਕ ਬਹੁਤ ਹੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਜਿਸ ਨੇ ਇਨਸਾਨੀਅਤ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਡੋਗਰ ਬਸਤੀ ਵਿੱਚ ਇੱਕ ਮਹਿਲਾ ASI ਨੇ ਆਪਣੀ 5 ਸਾਲ ਦੀ ਪੋਤੀ ਨਾਲ ਬੇਰਹਿਮੀ ਨਾਲ ਪੇਸ਼ ਆਈ ਹੈ। ਲੜਕੀ ਦੇ ਮਾਤਾ-ਪਿਤਾ ਪੁਰਤਗਾਲ ਵਿਚ ਰਹਿੰਦੇ ਹਨ ਅਤੇ ਉਸ ਦੀ ਦਾਦੀ ਉਸ ਦੀ ਦੇਖਭਾਲ ਕਰ ਰਹੀ ਹੈ।
ਥਾਣਾ ਸਦਰ ‘ਚ ਤਾਇਨਾਤ ਏ.ਐੱਸ.ਆਈ.ਸਰਬਜੀਤ ਕੌਰ ਨੇ ਲੜਕੀ ਦੇ ਹੱਥ-ਪੈਰ ਬੰਨ੍ਹ ਕੇ ਕਈ ਘੰਟੇ ਧੁੱਪ ‘ਚ ਘਰ ਦੇ ਗੇਟ ਦੇ ਬਾਹਰ ਰੱਖਿਆ। ਇਸ ਦੌਰਾਨ ਲੜਕੀ ਤੜਫਦੀ ਰਹੀ ਪਰ ਔਰਤ ਨੇ ਉਸ ‘ਤੇ ਕੋਈ ਰਹਿਮ ਨਹੀਂ ਕੀਤਾ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਹੀ ਪੁਲਿਸ ਹਰਕਤ ‘ਚ ਆਈ।ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਐੱਸਐੱਸਪੀ ਫਰੀਦਕੋਟ ਡਾ: ਪ੍ਰਗਿਆ ਜੈਨ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀ ਲੇਡੀ ਏਐੱਸਆਈ ਨੂੰ ਮੁਅੱਤਲ ਕਰ ਦਿੱਤਾ ਹੈ।
ਸਥਾਨਿਕ ਲੋਕਾਂ ਅਨੁਸਾਰ ਜਦੋਂ ਉਨ੍ਹਾਂ ਨੂੰ ਇਸ ਘਟਨਾ ਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਔਰਤ ਦੇ ਘਰ ਦਾ ਦਰਵਾਜ਼ਾ ਖੜਕਾਇਆ, ਪਰ ਕੋਈ ਜਵਾਬ ਨਹੀਂ ਮਿਲਿਆ। ਇਸ ਤੋਂ ਬਾਅਦ ਲੋਕਾਂ ਨੇ ਖੁਦ ਬੱਚੀ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਪਰ ਔਰਤ ਬਾਹਰ ਆ ਕੇ ਬੱਚੀ ਨੂੰ ਅੰਦਰ ਲੈ ਗਈ।
ਮਹਿਲਾ ਏਐਸਆਈ ਸਰਬਜੀਤ ਕੌਰ ਅਨੁਸਾਰ ਉਸ ਦੇ ਪਤੀ ਨੂੰ ਬ੍ਰੇਨ ਸਟ੍ਰੋਕ ਹੋਇਆ ਹੈ, ਜਿਸ ਕਾਰਨ ਉਹ ਪਹਿਲਾਂ ਹੀ ਕਾਫੀ ਪ੍ਰੇਸ਼ਾਨ ਹੈ। ਉਸ ਦੀ ਪੋਤੀ ਅਕਸਰ ਘਰੋਂ ਬਾਹਰ ਖੇਡਣ ਜਾਂਦੀ ਹੈ।ਉਨ੍ਹਾਂ ਦੇ ਘਰ ਦੇ ਆਸ-ਪਾਸ ਕਈ ਪ੍ਰਵਾਸੀ ਲੋਕ ਰਹਿੰਦੇ ਹਨ, ਜਿਸ ਕਾਰਨ ਉਨ੍ਹਾਂ ਨੇ ਲੜਕੀ ਨੂੰ ਡਰਾਉਣ ਲਈ ਅਜਿਹਾ ਕੀਤਾ। ਉਸ ਦਾ ਕਹਿਣਾ ਹੈ ਕਿ ਹੁਣ ਉਸ ਨੂੰ ਅਹਿਸਾਸ ਹੋਇਆ ਕਿ ਉਸ ਨੇ ਗਲਤੀ ਕੀਤੀ ਹੈ।
ਇਸ ਮਾਮਲੇ ਸਬੰਧੀ ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਮੁਲਜ਼ਮ ਲੇਡੀ ਏਐਸਆਈ ਸਰਬਜੀਤ ਕੌਰ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਸ਼ੁਰੂਆਤੀ ਜਾਂਚ ‘ਚ ਇਹ ਵੀ ਸਾਹਮਣੇ ਆਇਆ ਹੈ ਕਿ ਲੜਕੀ ਦੇ ਮਾਤਾ-ਪਿਤਾ ਪੁਰਤਗਾਲ ‘ਚ ਹਨ ਅਤੇ ਦੋਸ਼ੀ ਉਨ੍ਹਾਂ ਦੀ ਦੇਖਭਾਲ ਕਰ ਰਹੀ ਸੀ।
