ਇਕ ਸਾਲ ਪਹਿਲਾਂ ਹੋਇਆ ਸੀ ਵਿਆਹ
ਪੰਜਾਬ ਦੇ ਸੰਗਰੂਰ ਜਿਲ੍ਹੇ ਦੇ ਪਿੰਡ ਛਾਜਲੀ ਦਾ ਫੋਜੀ ਜਵਾਨ ਪਰਮਿੰਦਰ ਸਿੰਘ ਦੇਸ਼ ਲਈ ਸੇਵਾਵਾਂ ਨਿਭਾਉਂਦਾ ਹੋਇਆ ਕਾਰਗਿਲ ‘ਚ ਸ਼ਹੀਦ ਹੋ ਗਿਆ ਹੈ। ਫੋਜੀ ਜਵਾਨ ਪਰਮਿੰਦਰ ਸਿੰਘ (25) ਦਾ ਵਿਆਹ ਇੱਕ ਸਾਲ ਪਹਿਲਾਂ 2 ਅਕਤੂਬਰ ਨੂੰ ਹੋਇਆ ਸੀ। ਬੀਤੀ ਕੱਲ 3 ਅਕਤੂਬਰ ਨੂੰ ਪਰਮਿੰਦਰ ਸਿੰਘ ਨੇ ਸ਼ਹਾਦਤ ਪ੍ਰਾਪਤ ਕੀਤੀ। ਸ਼ਹੀਦ ਫੋਜੀ ਜਵਾਨ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੁੱਖ ਪ੍ਰਗਟ ਕੀਤਾ ਹੈ। CM ਮਾਨ ਨੇ ਟਵੀਟ ਕਰਕੇ ਲਿਖਿਆ- ਸੰਗਰੂਰ ਜ਼ਿਲ੍ਹੇ ਦੇ ਪਿੰਡ ਛਾਜਲੀ ਦੇ ਫੌਜੀ ਜਵਾਨ ਪਰਮਿੰਦਰ ਸਿੰਘ ਦੇ ਕਾਰਗਿਲ ‘ਚ ਸ਼ਹੀਦ ਹੋਣ ਦੀ ਦੁਖਦਾਈ ਖ਼ਬਰ ਮਿਲੀ। ਸ਼ਹੀਦ ਜਵਾਨ ਦੇ ਦੇਸ਼ ਲਈ ਹੌਸਲੇ ਨੂੰ ਸਲਾਮ ਕਰਦਾ ਹਾਂ, ਨਾਲ ਹੀ ਪਰਿਵਾਰ ਨਾਲ ਦਿਲੋਂ ਹਮਦਰਦੀ। ਇਸ ਔਖੀ ਘੜੀ ਵਿੱਚ ਸਰਕਾਰ ਸ਼ਹੀਦ ਦੇ ਪਰਿਵਾਰ ਨਾਲ ਹੈ। ਸ਼ਹੀਦ ਫੌਜੀ ਜਵਾਨ ਪਰਮਿੰਦਰ ਸਿੰਘ ਦੇ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ।
ਪਿੰਡ ਛਾਜਲੀ ਦੀ ਸਰਪੰਚ ਪਰਮਿੰਦਰ ਕੌਰ ਦੇ ਪਤੀ ਸਮਾਜ ਸੇਵੀ ਇੰਦਰਜੀਤ ਸਿੰਘ ਬਾਵਾ ਧਾਲੀਵਾਲ ਨੇ ਦੱਸਿਆ ਕਿ ਪਿੰਡ ਛਾਜਲੀ ਦੀ ਸਮਰਾਓ ਪੱਤੀ ਦਾ ਜੰਮਪਲ ਪਰਮਿੰਦਰ ਸਿੰਘ (25) ਸਿੱਖ ਰੈਜੀਮੈਂਟ 31 ਪੰਜਾਬ ‘ਚ ਦੇਸ਼ ਦੀ ਸੇਵਾ ਲਈ ਕਾਰਗਿਲ ‘ਚ ਡਿਊਟੀ ਨਿਭਾਅ ਰਿਹਾ ਸੀ ਜਿੱਥੇ ਉਹ ਸ਼ਹੀਦ ਹੋ ਗਿਆ। ਪਰਮਿੰਦਰ ਸਿੰਘ 7 ਸਾਲ ਤੋਂ ਫੌਜ ਨੂੰ ਆਪਣੀਆਂ ਸੇਵਾਵਾਂ ਦੇ ਰਿਹਾ ਸੀ।
ਉਨ੍ਹਾਂ ਦੱਸਿਆ ਕਿ ਸ਼ਹੀਦ ਪਰਮਿੰਦਰ ਸਿੰਘ ਦਾ ਦੂਜਾ ਭਰਾ ਗੁਰਪਿੰਦਰ ਸਿੰਘ ਵੀ ਫੌਜ ‘ਚ ਸੇਵਾਵਾਂ ਨਿਭਾਅ ਰਿਹਾ ਹੈ ਤੇ ਉਸ ਦਾ ਪਿਤਾ ਗੁਰਜੀਤ ਸਿੰਘ ਫ਼ੌਜ ‘ਚੋਂ ਸੇਵਾਮੁਕਤ ਹੋ ਕੇ ਆਇਆ ਹੈ। ਇੰਦਰਜੀਤ ਸਿੰਘ ਬਾਵਾ ਨੇ ਦੱਸਿਆ ਕਿ ਸ਼ਹੀਦ ਫੌਜੀ ਪਰਮਿੰਦਰ ਸਿੰਘ ਦੀ ਮ੍ਰਿਤਕ ਦੇਹ ਸ਼ਾਮ ਤਕ ਪਹੁੰਚਣ ਦੀ ਸੰਭਾਵਨਾ ਹੈ।