ਕੋਲੰਬੀਆ (ਅਮਰੀਕਾ) : ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਲਈ ਇਸ ਸਾਲ ਹੋਣ ਵਾਲੀਆਂ ਚੋਣਾਂ ’ਚ ਡੈਮੋਕ੍ਰੇਟਿਕ ਰਾਸ਼ਟਰਪਤੀ ਦਾ ਉਮੀਦਵਾਰ ਚੁਣੇ ਜਾਣ ਦੀ ਪ੍ਰਕਿਰਿਆ ਹੇਠ ਕਰਵਾਏ ਦਖਣੀ ਕੈਰੋਲੀਨਾ ਪ੍ਰਾਇਮਰੀ ਚੋਣਾਂ ’ਚ ਜੋ ਬਾਈਡਨ ਨੇ ਆਸਾਨੀ ਨਾਲ ਜਿੱਤ ਲਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ 5 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਡੈਮੋਕ੍ਰੇਟਿਕ ਪਾਰਟੀ ਦੀ ਨਾਮਜ਼ਦਗੀ ਜਿੱਤਣ ਦੀ ਅਪਣੀ ਕੋਸ਼ਿਸ਼ ਵਿਚ ਸਨਿਚਰਵਾਰ ਨੂੰ ਅਪਣੀ ਪਹਿਲੀ ਅਧਿਕਾਰਤ ਜਿੱਤ ਹਾਸਲ ਕੀਤੀ। ਬਾਈਡਨ ਅਪਣੀ ਪਾਰਟੀ ਦੇ ਉਮੀਦਵਾਰ ਬਣਨ ਦੀ ਦੌੜ ਵਿਚ ਸੱਭ ਤੋਂ ਅੱਗੇ ਹਨ।

ਸੱਤਾਧਾਰੀ ਡੈਮੋਕ੍ਰੇਟਿਕ ਪਾਰਟੀ ਦੀ ਇਹ ਪਹਿਲੀ ਅਧਿਕਾਰਤ ਪ੍ਰਾਇਮਰੀ ਚੋਣ ਹੈ। ਪਿਛਲੀਆਂ ਰਾਸ਼ਟਰਪਤੀ ਚੋਣਾਂ ਵਿਚ ਦਖਣੀ ਕੈਰੋਲੀਨਾ ਪ੍ਰਾਇਮਰੀ ਨੇ ਬਾਈਡਨ ਨੂੰ ਪਾਰਟੀ ਦੀ ਨਾਮਜ਼ਦਗੀ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ। ਬਾਈਡਨ (81) ਨੇ ਸਨਿਚਰਵਾਰ ਨੂੰ ਹੋਈਆਂ ਪ੍ਰਾਇਮਰੀ ਚੋਣਾਂ ’ਚ ਡੈਮੋਕ੍ਰੇਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਹੋਰ ਦਾਅਵੇਦਾਰਾਂ ਮਿਨੇਸੋਟਾ ਦੇ ਸੰਸਦ ਮੈਂਬਰ ਡੀਨ ਫਿਲਿਪਸ ਅਤੇ ਲੇਖਕ ਮੈਰੀਏਨ ਵਿਲੀਅਮਸਨ ਨੂੰ ਹਰਾਇਆ।

ਪ੍ਰਾਇਮਰੀ ’ਚ ਬਾਈਡਨ ਨੂੰ 96.2 ਫੀ ਸਦੀ ਵੋਟਾਂ ਮਿਲੀਆਂ, ਜਦਕਿ ਵਿਲੀਅਮਸਨ ਨੂੰ ਸਿਰਫ 2.1 ਫੀ ਸਦੀ ਵੋਟਾਂ ਮਿਲੀਆਂ। ਫਿਲਿਪਸ ਤੀਜੇ ਸਥਾਨ ’ਤੇ ਰਹੇ। ਰਿਪਬਲਿਕਨ ਪਾਰਟੀ ਦੀ ਪ੍ਰਾਇਮਰੀ 24 ਫਰਵਰੀ ਨੂੰ ਹੋਣੀ ਹੈ। ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ (77) ਅਪਣੀ ਪਾਰਟੀ ਦੇ ਉਮੀਦਵਾਰ ਬਣਨ ਦੀ ਦੌੜ ’ਚ ਸੱਭ ਤੋਂ ਅੱਗੇ ਹਨ। ਬਾਈਡਨ ਨੇ ਪ੍ਰਾਇਮਰੀ ਚੋਣਾਂ ਜਿੱਤਣ ਤੋਂ ਬਾਅਦ ਕਿਹਾ ਕਿ ਉਹ ਨਵੰਬਰ ਦੀਆਂ ਚੋਣਾਂ ਵਿਚ ਰਿਪਬਲਿਕਨ ਵਿਰੋਧੀ ਟਰੰਪ ਨੂੰ ਦੁਬਾਰਾ ਹਰਾਉਣਗੇ।

ਉਨ੍ਹਾਂ ਕਿਹਾ ਕਿ ਦਖਣੀ ਕੈਰੋਲੀਨਾ ਦੇ ਵੋਟਰਾਂ ਨੇ 2020 ’ਚ ਸਿਆਸੀ ਵਿਸ਼ਲੇਸ਼ਕਾਂ ਨੂੰ ਗਲਤ ਸਾਬਤ ਕੀਤਾ, ਸਾਡੀ ਮੁਹਿੰਮ ਨੂੰ ਮੁੜ ਮਜ਼ਬੂਤ ਕੀਤਾ ਅਤੇ ਸਾਨੂੰ ਰਾਸ਼ਟਰਪਤੀ ਅਹੁਦੇ ਦੀ ਚੋਣ ਜਿੱਤਣ ਦੇ ਰਾਹ ’ਤੇ ਲਿਆਂਦਾ। ਹੁਣ 2024 ’ਚ ਦਖਣੀ ਕੈਰੋਲੀਨਾ ਦੇ ਲੋਕਾਂ ਨੇ ਅਪਣੀ ਚੋਣ ਕੀਤੀ ਹੈ। ਮੈਨੂੰ ਕੋਈ ਸ਼ੱਕ ਨਹੀਂ ਹੈ ਕਿ ਤੁਸੀਂ ਸਾਨੂੰ ਰਾਸ਼ਟਰਪਤੀ ਅਹੁਦੇ ਲਈ ਦੁਬਾਰਾ ਚੁਣਨ ਅਤੇ (ਸਾਬਕਾ ਰਾਸ਼ਟਰਪਤੀ) ਡੋਨਾਲਡ ਟਰੰਪ ਨੂੰ ਦੁਬਾਰਾ ਹਰਾਉਣ ਦੇ ਰਾਹ ’ਤੇ ਲਿਜਾਇਆ ਹੈ। ਡੈਮੋਕ੍ਰੇਟਿਕ ਅਤੇ ਰਿਪਬਲਿਕਨ ਪਾਰਟੀਆਂ ਇਸ ਸਾਲ ਨਵੰਬਰ ਵਿਚ ਹੋਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਅਪਣੇ ਉਮੀਦਵਾਰਾਂ ਦੀ ਚੋਣ ਦੀ ਪ੍ਰਕਿਰਿਆ ਵਿਚੋਂ ਲੰਘ ਰਹੀਆਂ ਹਨ।