ਚੰਡੀਗੜ੍ਹ: ਦੁਨੀਆਂ ਭਰ ਵਿਚ ਆਫ਼ਤ ਦੇ ਸਮੇਂ ਵਿਚ ਪਹਿਲੇ ਨੰਬਰ ‘ਤੇ ਆਉਣ ਵਾਲੀ ਸਮਾਜ ਸੇਵੀ ਸੰਸਥਾ ਖਾਲਸਾ ਏਡ ਦੇ ਏਸ਼ੀਆ ਡਾਇਰੈਕਟਰ ਅਮਰਪ੍ਰੀਤ ਸਿੰਘ ਨੇ ਅਪਣੇ ਅਹੁਦੇ ਤੋਂ ਅਸਤੀਫਾ ਦੇ ਦਿਤਾ ਹੈ। ਖਾਲਸਾ ਏਡ ਨੇ ਪ੍ਰੈਸ ਨੋਟ ਜਾਰੀ ਕਰਕੇ ਇਸ ਦੀ ਜਾਣਕਾਰੀ ਦਿਤੀ ਹੈ। ਅਮਰਪ੍ਰੀਤ ਸਿੰਘ ਨੇ 10 ਸਾਲ ਭਾਰਤ ਵਿਚ ਖਾਲਸਾ ਏਡ ਦੇ ਮੈਨੇਜਿੰਗ ਡਾਇਰੈਕਟਰ ਵਜੋਂ ਸੇਵਾ ਨਿਭਾਈ ਹੈ। ਅਸਤੀਫ਼ੇ ਮਗਰੋਂ ਅਮਰਪ੍ਰੀਤ ਸਿੰਘ ਨੇ ਸੋਸ਼ਲ ਮੀਡੀਆ ਉਤੇ ਪੋਸਟ ਵੀ ਸਾਂਝੀ ਕੀਤੀ ਹੈ।
ਉਨ੍ਹਾਂ ਲਿਖਿਆ, “ ਇਹ ਫ਼ੈਸਲਾ ਮੈਂ ਅਕਾਲ ਪੁਰਖ ਦੇ ਹੁਕਮ ਵਿਚ ਕਰ ਰਿਹਾ ਹਾਂ, ਕੁੱਝ ਮਹਤੱਵਪੂਰਨ ਕਾਰਨਾਂ ਕਰਕੇ ਮੈਂ ਪਿਛਲੇ ਦਿਨੀਂ ਖਾਲਸਾ ਏਡ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿਤਾ ਹੈ। ਖ਼ਾਲਸਾ ਏਡ ਮੇਰੇ ਲਈ ਮਹਿਜ਼ ਸੰਸਥਾ ਨਹੀਂ ਸੀ ਸਗੋਂ ਉਹ ਮੇਰਾ ਪ੍ਰਵਾਰ ਸੀ ਤੇ ਇਕ ਪੁੱਤਰ ਵਾਂਗ ਜਿੰਨਾ ਹੋ ਸਕਿਆ ਮੈਂ ਉਸ ਦੀ ਤਹਿ ਦਿਲੋਂ ਸੇਵਾ ਕੀਤੀ”।
ਉਨ੍ਹਾਂ ਅੱਗੇ ਕਿਹਾ ਕਿ ਅਪਣੀ ਜ਼ਿੰਦਗੀ ਦੇ 10 ਸਾਲ ਖ਼ਾਲਸਾ ਏਡ ਦੇ ਲੇਖੇ ਲਾਉਣੇ ਮੇਰੇ ਲਈ ਭਾਗਾਂ ਵਾਲੀ ਗੱਲ ਹੈ। ਅਸੀਂ ਅਨੇਕਾਂ ਔਕੜਾਂ, ਕੁਦਰਤੀ ਆਫਤਾਂ ਅਤੇ ਸਰਕਾਰੀ ਖਿੱਚ-ਧੂਹ ਦਾ ਪੂਰੀ ਚੜ੍ਹਦੀਕਲਾ ਨਾਲ ਸਾਹਮਣਾ ਕੀਤਾ। ਮੇਰੀ ਵਾਹਿਗੁਰੂ ਜੀ ਦੇ ਚਰਨਾਂ ਵਿਚ ਅਰਦਾਸ ਹੈ ਕਿ ਖ਼ਾਲਸਾ ਏਡ ਸਦਾ ਚੜ੍ਹਦੀਕਲਾ ਵਿਚ ਸੇਵਾ ਕਰਦੀ ਰਹੇ। ਇਸ ਦੇ ਨਾਲ ਹੀ ਮੈਂ ਸਾਰੇ ਵਲੰਟੀਅਰਾਂ ਤੇ ਸਟਾਫ ਦਾ ਵੀ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਕਿਉਂਕਿ ਤੁਹਾਡੇ ਤੋਂ ਬਿਨਾਂ ਮੈਂ ਇਹ ਕਾਰਜ ਇਕੱਲਾ ਨਹੀਂ ਕਰ ਸਕਦਾ ਸੀ”।
ਇਸ ਦੌਰਾਨ ਖ਼ਾਲਸਾ ਏਡ ਨੇ ਕਿਹਾ ਕਿ ਸਮੇਂ-ਸਮੇਂ ‘ਤੇ ਸੰਸਥਾ ਵਿਚ ਆਉਂਦੀ ਕਿਸੇ ਵੀ ਤਬਦੀਲੀ ਬਾਰੇ ਅਸੀਂ ਸੰਗਤ ਨੂੰ ਜਾਣਕਾਰੀ ਦੇਣੀ ਜਾਰੀ ਰੱਖਾਂਗੇ। ਪੰਜਾਬ ਸਣੇ ਪੂਰੇ ਭਾਰਤ ਅੰਦਰ ਸਮੇਂ ਦੀ ਲੋੜ ਅਨੁਸਾਰ, ਖਾਲਸਾ ਏਡ ਆਪਣੀ ਟੀਮ ਅਤੇ ਕਾਰਜਾਂ ਨੂੰ ਹੋਰ ਵੀ ਮਜ਼ਬੂਤ ਕਰਨ ਲਈ ਵਚਨਬੱਧ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਐਨ.ਆਈ.ਏ. ਨੇ 2 ਅਗਸਤ ਨੂੰ ਸਵੇਰੇ 5 ਵਜੇ ਖਾਲਸਾ ਏਡ ਦੇ ਦਫ਼ਤਰ ਅਤੇ ਅਮਰਪ੍ਰੀਤ ਸਿੰਘ ਦੇ ਘਰ ਛਾਪਾ ਮਾਰ ਕੇ ਸੱਭ ਨੂੰ ਹੈਰਾਨ ਕਰ ਦਿਤਾ ਸੀ। ਉਸ ਸਮੇਂ ਖਾਲਸਾ ਏਡ ਦੇ ਅਹਿਮ ਦਸਤਾਵੇਜ਼ ਐਨ.ਆਈ.ਏ. ਨੇ ਅਪਣੇ ਕਬਜ਼ੇ ਵਿਚ ਲੈ ਲਏ ਸਨ। ਇਸ ਦੌਰਾਨ ਅਮਰਪ੍ਰੀਤ ਸਿੰਘ ਨੇ ਅਪਣਾ ਪੱਖ ਪੇਸ਼ ਕਰਦਿਆਂ ਸਪੱਸ਼ਟ ਕੀਤਾ ਸੀ ਕਿ ਖਾਲਸਾ ਏਡ ਉਹ ਜਾਣਕਾਰੀ ਦਿੰਦੀ ਰਹੇਗੀ ਜਿਸ ਦੀ ਐਨ.ਆਈ.ਏ. ਨੂੰ ਲੋੜ ਹੋਵੇਗੀ। ਪੰਜਾਬ ਵਿਚ ਇਸ ਛਾਪੇਮਾਰੀ ਦਾ ਕਾਫੀ ਵਿਰੋਧ ਹੋਇਆ ਸੀ।