ਨਵੀਂ ਦਿੱਲੀ : ਦਿੱਲੀ ਤੋਂ ਸ਼ਿਕਾਗੋ ਜਾ ਰਹੀ ਏਅਰ ਇੰਡੀਆ ਦੀ ਇਕ ਉਡਾਣ ਨੂੰ ਬੰਬ ਹੋਣ ਦੀ ਧਮਕੀ ਮਿਲਣ ਤੋਂ ਬਾਅਦ ਮੰਗਲਵਾਰ ਨੂੰ ਕੈਨੇਡਾ ਦੇ ਇਕ ਹਵਾਈ ਅੱਡੇ ਵਲ ਮੋੜ ਦਿਤਾ ਗਿਆ। ਏਅਰਲਾਈਨ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ। 15 ਅਕਤੂਬਰ, 2024 ਨੂੰ ਦਿੱਲੀ ਤੋਂ ਸ਼ਿਕਾਗੋ ਜਾ ਰਹੀ ਉਡਾਣ ਨੰਬਰ ਏ.ਆਈ.-127 ਆਨਲਾਈਨ ਪੋਸਟ ਕੀਤੀ ਗਈ ਸੁਰੱਖਿਆ ਧਮਕੀ ਤੋਂ ਬਾਅਦ ਸਾਵਧਾਨੀ ਵਜੋਂ ਕੈਨੇਡਾ ਦੇ ਇਕਾਲੂਇਟ ਹਵਾਈ ਅੱਡੇ ’ਤੇ ਉਤਰੀ ਸੀ।

ਉਨ੍ਹਾਂ ਕਿਹਾ, ‘‘ਨਿਰਧਾਰਤ ਸੁਰੱਖਿਆ ਪ੍ਰੋਟੋਕੋਲ ਅਨੁਸਾਰ ਜਹਾਜ਼ ਅਤੇ ਮੁਸਾਫ਼ਰਾਂ ਦੀ ਦੁਬਾਰਾ ਜਾਂਚ ਕੀਤੀ ਜਾ ਰਹੀ ਹੈ। ਏਅਰ ਇੰਡੀਆ ਨੇ ਯਾਤਰਾ ਦੁਬਾਰਾ ਸ਼ੁਰੂ ਹੋਣ ਤਕ ਮੁਸਾਫ਼ਰਾਂ ਦੀ ਸਹਾਇਤਾ ਲਈ ਹਵਾਈ ਅੱਡੇ ’ਤੇ ਏਜੰਸੀਆਂ ਨੂੰ ਸਰਗਰਮ ਕਰ ਦਿਤਾ ਹੈ।’’ ਅਧਿਕਾਰੀ ਨੇ ਦਸਿਆ ਕਿ ਜਹਾਜ਼ ਨੂੰ ਬੰਬ ਹੋਣ ਦੀ ਧਮਕੀ ਮਿਲੀ ਹੈ।

ਇਸ ਤੋਂ ਇਲਾਵਾ ਅੱਜ ਜੈਪੁਰ ਤੋਂ ਅਯੋਧਿਆ ਹੁੰਦੇ ਹੋਏ ਬੇਂਗਲੁਰੂ ਜਾ ਰਹੀ ਏਅਰ ਇੰਡੀਆ ਦੀ ਉਡਾਨ, ਦਰਭੰਗਾ ਤੋਂ ਮੁੰਬਈ ਜਾ ਰਹੀ ਸਪਾਈਸਜੈੱਟ ਦੀ ਉਡਾਨ, ਸਿਲੀਗੁੜੀ ਤੋਂ ਬੇਂਗਲੁਰੂ ਜਾ ਰਹੀ ਅਕਾਸਾ ਦੀ ਉਡਾਨ, ਦੱਮਮ (ਸਾਊਦੀ ਅਰਬ) ਤੋਂ ਲਖਨਊ ਜਾ ਰਹੀ ਇੰਡੀਗੋ ਦੀ ਉਡਾਨ ’ਚ ਵੀ ਬੰਬ ਹੋਣ ਦੀ ਧਮਕੀ ਮਿਲੀ ਸੀ।

ਇਹੀ ਨਹੀਂ ਸੋਮਵਾਰ ਨੂੰ ਵੀ ਮੁੰਬਈ ਤੋਂ ਨਿਊਯਾਰਕ ਜਾ ਰਹੀ ਏਅਰ ਇੰਡੀਆ ਦੀ ਉਡਾਣ ਨੂੰ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਦਿੱਲੀ ਵਲ ਮੋੜ ਦਿਤਾ ਗਿਆ ਸੀ। ਮਿਆਰੀ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਕਰਦਿਆਂ, ਪੂਰੀ ਜਾਂਚ ਕੀਤੀ ਗਈ ਅਤੇ ਜਹਾਜ਼ ਦੇ ਅੰਦਰ ਕੋਈ ਸ਼ੱਕੀ ਵਸਤੂ ਨਹੀਂ ਮਿਲੀ। ਏਅਰ ਇੰਡੀਆ ਨੇ ਇਹ ਵੀ ਕਿਹਾ ਕਿ ਉਸ ਦੇ ਨਾਲ-ਨਾਲ ਹੋਰ ਸਥਾਨਕ ਏਅਰਲਾਈਨਾਂ ਨੂੰ ਹਾਲ ਹੀ ’ਚ ਕਈ ਖਤਰਿਆਂ ਦਾ ਸਾਹਮਣਾ ਕਰਨਾ ਪਿਆ ਹੈ।

ਹਾਲਾਂਕਿ, ਬਾਅਦ ’ਚ ਸਾਰੀਆਂ ਧਮਕੀਆਂ ਝੂਠੀਆਂ ਸਾਬਤ ਹੋਈਆਂ। ਇਕ ਜ਼ਿੰਮੇਵਾਰ ਏਅਰਲਾਈਨ ਆਪਰੇਟਰ ਹੋਣ ਦੇ ਨਾਤੇ, ਸਾਰੇ ਖਤਰਿਆਂ ਨੂੰ ਗੰਭੀਰਤਾ ਨਾਲ ਲਿਆ ਜਾਂਦਾ ਹੈ। ਅਸੀਂ ਮੁਸਾਫ਼ਰਾਂ ਨੂੰ ਹੋਈ ਖੇਚਲ ਲਈ ਮੁਆਫੀ ਮੰਗਦੇ ਹਾਂ।

ਏਅਰਲਾਈਨ ਨੇ ਕਿਹਾ ਕਿ ਉਹ ਅਜਿਹੀਆਂ ਧਮਕੀਆਂ ਦੇਣ ਵਾਲੇ ਅਪਰਾਧੀਆਂ ਦੀ ਪਛਾਣ ਕਰਨ ਲਈ ਅਧਿਕਾਰੀਆਂ ਨੂੰ ਪੂਰਾ ਸਹਿਯੋਗ ਦੇ ਰਹੀ ਹੈ ਤਾਂ ਜੋ ਮੁਸਾਫ਼ਰਾਂ ਨੂੰ ਹੋਣ ਵਾਲੀ ਰੁਕਾਵਟ ਅਤੇ ਅਸੁਵਿਧਾ ਲਈ ਉਨ੍ਹਾਂ ਨੂੰ ਜਵਾਬਦੇਹ ਠਹਿਰਾਇਆ ਜਾ ਸਕੇ। ਏਅਰ ਇੰਡੀਆ ਨੇ ਇਹ ਵੀ ਕਿਹਾ ਕਿ ਉਹ ਏਅਰਲਾਈਨ ਨੂੰ ਹੋਏ ਨੁਕਸਾਨ ਲਈ ਜ਼ਿੰਮੇਵਾਰ ਲੋਕਾਂ ਵਿਰੁਧ ਕਾਨੂੰਨੀ ਕਾਰਵਾਈ ਕਰਨ ’ਤੇ ਵਿਚਾਰ ਕਰੇਗੀ।

ਏਅਰ ਇੰਡੀਆ ਐਕਸਪ੍ਰੈਸ ਦੇ ਜਹਾਜ਼ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਅਯੁੱਧਿਆ ਹਵਾਈ ਅੱਡੇ ’ਤੇ ਐਮਰਜੈਂਸੀ ਲੈਂਡਿੰਗ

ਅਯੁੱਧਿਆ : ਉੱਤਰ ਪ੍ਰਦੇਸ਼ ਦੇ ਅਯੁੱਧਿਆ ਹਵਾਈ ਅੱਡੇ ’ਤੇ ਮੰਗਲਵਾਰ ਨੂੰ ਏਅਰ ਇੰਡੀਆ ਐਕਸਪ੍ਰੈਸ ਦੇ ਇਕ ਜਹਾਜ਼ ਨੂੰ ਬੰਬ ਹੋਣ ਦੀ ਧਮਕੀ ਮਿਲਣ ਤੋਂ ਬਾਅਦ ਐਮਰਜੈਂਸੀ ਲੈਂਡਿੰਗ ਕਰਨੀ ਪਈ। ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ। ਐਮਰਜੈਂਸੀ ਲੈਂਡਿੰਗ ਦੀ ਪੁਸ਼ਟੀ ਕਰਦਿਆਂ ਹਵਾਈ ਅੱਡੇ ਦੇ ਡਾਇਰੈਕਟਰ ਵਿਨੋਦ ਕੁਮਾਰ ਨੇ ਦਸਿਆ ਕਿ ਜਹਾਜ਼ ਜੈਪੁਰ ਤੋਂ ਆ ਰਿਹਾ ਸੀ। ਏਅਰਲਾਈਨ ਦੇ ਅਧਿਕਾਰੀਆਂ ਮੁਤਾਬਕ ਸੋਸ਼ਲ ਮੀਡੀਆ ’ਤੇ ਇਕ ਗ਼ੈਰਤਸਦੀਕਸ਼ੁਦਾ ਖਾਤੇ ਤੋਂ ਧਮਕੀ ਮਿਲਣ ਕਾਰਨ ਐਮਰਜੈਂਸੀ ਸਥਿਤੀ ਪੈਦਾ ਹੋਈ। ਏਅਰ ਇੰਡੀਆ ਐਕਸਪ੍ਰੈਸ ਅਤੇ ਕੁੱਝ ਹੋਰ ਆਪਰੇਟਰਾਂ ਨੂੰ ਇਕ ਗੈਰ-ਪ੍ਰਮਾਣਿਤ ਸੋਸ਼ਲ ਮੀਡੀਆ ਅਕਾਊਂਟ ਤੋਂ ਧਮਕੀਆਂ ਮਿਲੀਆਂ ਸਨ। ਇਸ ਦੇ ਜਵਾਬ ’ਚ, ਸਰਕਾਰ ਵਲੋਂ ਨਿਯੁਕਤ ਬੰਬ ਹੈਜ਼ਰਡ ਮੁਲਾਂਕਣ ਕਮੇਟੀ ਦੇ ਨਿਰਦੇਸ਼ਾਂ ਅਨੁਸਾਰ ਸੁਰੱਖਿਆ ਪ੍ਰੋਟੋਕੋਲ ਨੂੰ ਤੁਰਤ ਸਰਗਰਮ ਕਰ ਦਿਤਾ ਗਿਆ ਸੀ। ਉਡਾਣ ਸੁਰੱਖਿਅਤ ਉਤਰ ਗਈ ਅਤੇ ਸਾਰੀਆਂ ਲਾਜ਼ਮੀ ਸੁਰੱਖਿਆ ਪ੍ਰਕਿਰਿਆਵਾਂ ਦੀ ਪਾਲਣਾ ਕਰਨ ਤੋਂ ਬਾਅਦ ਹੀ ਜਹਾਜ਼ ਨੂੰ ਉਡਾਣ ਭਰਨ ਦੀ ਮਨਜ਼ੂਰੀ ਦਿਤੀ ਜਾਵੇਗੀ।

ਬੋਇੰਗ 737-ਮੈਕਸ 8 ਜਹਾਜ਼ ’ਚ 132 ਮੁਸਾਫ਼ਰ ਸਵਾਰ ਸਨ। ਏਅਰਲਾਈਨ ਦੇ ਇਕ ਅਧਿਕਾਰੀ ਨੇ ਦਸਿਆ ਕਿ ਜਹਾਜ਼ ਜੈਪੁਰ ਤੋਂ ਆ ਰਿਹਾ ਸੀ ਅਤੇ ਅਯੁੱਧਿਆ ਵਿਚ ਥੋੜ੍ਹੇ ਸਮੇਂ ਲਈ ਰੁਕਣ ਤੋਂ ਬਾਅਦ ਬੈਂਗਲੁਰੂ ਲਈ ਉਡਾਣ ਭਰਨ ਵਾਲਾ ਸੀ ਪਰ ਉਡਾਣ ਦਾ ਸਮਾਂ ਸ਼ਾਮ 5 ਵਜੇ ਲਈ ਬਦਲ ਦਿਤਾ ਗਿਆ ਹੈ। ਅਯੁੱਧਿਆ ਧਾਮ ਦੇ ਮਹਾਰਿਸ਼ੀ ਵਾਲਮੀਕਿ ਕੌਮਾਂਤਰੀ ਹਵਾਈ ਅੱਡੇ ’ਤੇ ਵਪਾਰਕ ਉਡਾਣਾਂ ਦਾ ਸੰਚਾਲਨ ਇਸ ਸਾਲ ਦੀ ਸ਼ੁਰੂਆਤ ’ਚ ਸ਼ੁਰੂ ਹੋਇਆ ਸੀ।