ਜਲੰਧਰ-ਜੰਮੂ ਨੈਸ਼ਨਲ ਹਾਈਵੇ-44 ‘ਤੇ ਸੁਜਾਨਪੁਰ ਵਿਚ ਬੀਤੀ ਦੇਰ ਰਾਤ ਇਕ ਵੱਡਾ ਹਾਦਸਾ ਟਲ ਗਿਆ। ਪਠਾਨਕੋਟ ਵਿਚ ਭਾਰੀ ਮੀਂਹ ਦੇ ਚੱਲਦਿਆਂ ਜੰਮੂ ਨੈਸ਼ਨਲ ਹਾਈਵੇ ‘ਤੇ ਬਣੇ ਰੇਲਵੇ ਅੰਡਰਪਾਲ ਦੇ ਹੇਠਾਂ ਅਚਾਨਕ ਪਾਣੀ ਭਰ ਗਿਆ। ਇਸੇ ਦੌਰਾਨ ਦੇਹਰਾਦੂਨ ਤੋਂ ਮਾਤਾ ਵੈਸ਼ਣੋ ਦੇਵੀ ਵੱਲ ਜਾ ਰਹੀ ਸ਼ਰਧਾਲੂਆਂ ਨਾਲ ਭਰੀ ਇਕ ਟੂਰਿਸਟ ਬੱਸ ਇਸ ਡੂੰਘੇ ਪਾਣੀ ਵਿਚ ਫਸ ਗਈ। ਬੱਸ ਵਿਚ 13 ਬੱਚਿਆਂ ਸਣੇ 55 ਯਾਤਰੀ ਸਵਾਰ ਸਨ ਜੋ ਪਾਣੀ ਵਧਦਾ ਦੇਖ ਕੇ ਘਬਰਾ ਗਏ। ਘਟਨਾ ਦੀ ਸੂਚਨਾਮ ਮਿਲਦੇ ਹੀ ਸੜਕ ਸੁਰੱਖਿਆ ਫੋਰਸ, ਪੁਲਿਸ ਤੇ ਇਲਾਕੇ ਦੇ ਲੋਕਾਂ ਨੇ ਰੈਸਕਿਊ ਆਪ੍ਰੇਸ਼ਨ ਚਲਾਇਆ ਤੇ ਕਾਫੀ ਮੁਸ਼ੱਕਤ ਮਗਰੋਂ ਸਾਰੇ 55 ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ।
ਬੱਸ ਵਿਚ ਫਸੇ ਯਾਤਰੀਆਂ ਨੇ ਸੂਝਬੂਝ ਦਿਖਾਉਂਦੇ ਹੋਏ ਤੁਰੰਤ ਕੰਟਰੋਲ ਰੂਮ ਨਾਲ ਸੰਪਰਕ ਬਣਾਇਆ ਤੇ ਰਾਤ ਠੀਕ 1.53 ਵਜੇ ਬੱਸ ਦੇ ਪਾਣੀ ਵਿਚ ਫਸਣ ਦੀ ਜਾਣਕਾਰੀ ਦਿੱਤੀ। ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਮੁਸਤੈਦੀ ਦਿਖਾਈ ਤੇ ਸਿਰਫ 6 ਮਿੰਟ ਦੇ ਅੰਦਰ ਰਾਤ 1.59 ਵਜੇ ਮੌਕੇ ‘ਤੇ ਪਹੁੰਚ ਗਈ।
ਇਸ ਦੇ ਨਾਲ ਹੀ ਸੁਜਾਨਪੁਰ ਥਾਣਾ ਇੰਚਾਰਜ ਵੀ ਪੁਲਿਸ ਨਾਲ ਤੁਰੰਤ ਘਟਨਾ ਵਾਲੀ ਥਾਂ ‘ਤੇ ਪਹੁੰਚੇ। SSF ਦੀ ਟੀਮ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਤੁਰੰਤ ਬਚਾਅ ਕੰਮ ਸ਼ੁਰੂ ਕੀਤਾ ਤੇ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਥਾਂ ਤੱਕ ਪਹੁੰਚਾਇਆ। ਰਾਤ ਦੇ ਹਨ੍ਹੇਰੇ ਤੇ ਮੀਂਹ ਕਾਰਨ ਦੇਹਰਾਦੂਨ ਤੋਂ ਆ ਰਹੀ ਟੂਰਿਸਟ ਬੱਸ ਦੇ ਡਰਾਈਵਰ ਨੂੰ ਪੁਲ ਦੇ ਹੇਠਾਂ ਜਮ੍ਹਾ ਪਾਣੀ ਦੀ ਡੂੰਘਾਈ ਦਾ ਬਿਲਕੁਲ ਅੰਦਾਜ਼ਾ ਨਹੀਂ ਲੱਗਾ ਜਿਵੇਂ ਹੀ ਉਸ ਨੇ ਬੱਸ ਨੂੰ ਪੁਲ ਦੇ ਹੇਠਾਂ ਤੋਂ ਪਾਰ ਕਰਨ ਦੀ ਕੋਸ਼ਿਸ਼ ਕੀਤੀ, ਪਾਣੀ ਜ਼ਿਆਦਾ ਹੋਣ ਦੀ ਵਜ੍ਹਾ ਤੋਂ ਇੰਜਣ ਵਿਚ ਪਾਣੀ ਵੜ ਗਿਆ ਤੇ ਬੱਸ ਵਿਚ ਹੀ ਬੰਦ ਹੋ ਗਈ।
