ਚੰਡੀਗੜ੍ਹ: ਕਾਂਗਰਸ ਹਾਈਕਮਾਂਡ ਦੀਆਂ ਨਿਰੰਤਰ ਕੋਸ਼ਿਸ਼ਾਂ ਦੇ ਬਾਵਜੂਦ ਪੰਜਾਬ ਕਾਂਗਰਸ ਵਿੱਚ ਧੜੇਬੰਦੀ ਰੁਕਣ ਦਾ ਨਾਮ ਨਹੀਂ ਲੈ ਰਹੀ। 1 ਜੁਲਾਈ ਨੂੰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸੂਬਾ ਪ੍ਰਧਾਨ ਬਣਾਈ ਰੱਖਣ ਅਤੇ ਨਵੀਂਆਂ ਕਮੇਟੀਆਂ ਦੇ ਗਠਨ ਦੇ ਫੈਸਲੇ ਖ਼ਿਲਾਫ਼ ਹੁਣ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਸਿੱਧੇ ਤੌਰ ‘ਤੇ ਮੋਰਚਾ ਖੋਲ੍ਹ ਦਿੱਤਾ ਹੈ।

ਸ਼ੁੱਕਰਵਾਰ ਨੂੰ ਚੰਨੀ ਦੀ ਮੋਰਿੰਡਾ ਸਥਿਤ ਰਿਹਾਇਸ਼ ‘ਤੇ ਕਾਂਗਰਸ ਦੇ ਸੀਨੀਅਰ ਆਗੂਆਂ, 3 ਮੌਜੂਦਾ ਵਿਧਾਇਕਾਂ ਅਤੇ 74 ਹਲਕਾ ਇੰਚਾਰਜਾਂ ਦਾ ਇੱਕ ਵੱਡਾ ਇਕੱਠ ਹੋਇਆ। ਬੰਦ ਕਮਰੇ ਵਿੱਚ ਹੋਈ ਇਸ ਅਹਿਮ ਮੀਟਿੰਗ ਤੋਂ ਬਾਅਦ ਚੰਨੀ ਗੁੱਟ ਨੇ ਦੋਟੂਕ ਸ਼ਬਦਾਂ ਵਿੱਚ ਹਾਈਕਮਾਂਡ ਨੂੰ ਸੁਨੇਹਾ ਲਾਇਆ ਕਿ ਉਨ੍ਹਾਂ ਨੂੰ ਰਾਜਾ ਵੜਿੰਗ ਦੀ ਪ੍ਰਧਾਨਗੀ ਮਨਜ਼ੂਰ ਨਹੀਂ ਹੈ ਅਤੇ ਹਾਈਕਮਾਂਡ ਇਸ ਫੈਸਲੇ ‘ਤੇ ਤੁਰੰਤ ਪੁਨਰ-ਵਿਚਾਰ (Reconsider) ਕਰੇ।

“ਕਾਂਗਰਸ ਦੇ ਵਿਹੜੇ ਕਲੇਸ਼, ਤੇ ਭਾਜਪਾ ਦੇ ਰਹੀ ਉਪਦੇਸ਼”

ਪੰਜਾਬ ਕਾਂਗਰਸ ਦੇ ਇਸ ਅੰਦਰੂਨੀ ਕਲੇਸ਼ ‘ਤੇ ਆਮ ਆਦਮੀ ਪਾਰਟੀ (AAP) ਨੇ ਤਿੱਖਾ ਸਿਆਸੀ ਹਮਲਾ ਬੋਲਿਆ ਹੈ। ‘ਆਪ’ ਦੇ ਬੁਲਾਰੇ ਨੀਲ ਗਰਗ ਨੇ ਚੁਟਕੀ ਲੈਂਦਿਆਂ ਕਿਹਾ, “ਕਾਂਗਰਸ ਦੇ ਵਿਹੜੇ ਕਲੇਸ਼, ਤੇ ਭਾਜਪਾ ਦੇ ਰਹੀ ਉਪਦੇਸ਼!”

ਉਨ੍ਹਾਂ ਕਾਂਗਰਸ ਲੀਡਰਸ਼ਿਪ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਹਾਈਕਮਾਂਡ ਦੀ ਹਾਲਤ ਇੰਨੀ ਬੇਵੱਸ ਹੋ ਚੁੱਕੀ ਹੈ ਕਿ ਚਰਨਜੀਤ ਸਿੰਘ ਚੰਨੀ ਦੇ ਘਰ ਪੱਕ ਰਹੀ ‘ਬਗਾਵਤੀ ਖਿਚੜੀ’ ਦੀ ਖੁਸ਼ਬੂ ਦਿੱਲੀ ਤੱਕ ਜਾ ਰਹੀ ਹੈ, ਪਰ ਉਨ੍ਹਾਂ ਕੋਲ ਕੋਈ ਕਾਰਵਾਈ ਕਰਨ ਦਾ ਦਮ ਨਹੀਂ ਹੈ।

ਭਾਜਪਾ ਨੂੰ ਵੀ ਲਿਆ ਲੰਮੇ ਹੱਥੀਂ

ਨੀਲ ਗਰਗ ਨੇ ਇਸ ਦੌਰਾਨ ਭਾਰਤੀ ਜਨਤਾ ਪਾਰਟੀ ਨੂੰ ਵੀ ਨਿਸ਼ਾਨੇ ‘ਤੇ ਲਿਆ। ਉਨ੍ਹਾਂ ਕਿਹਾ ਕਿ ਦੂਜੇ ਪਾਸੇ ਭਾਜਪਾ ਵਾਲੇ ‘ਅਨੁਸ਼ਾਸਨ’ ਦਾ ਪਾਠ ਪੜ੍ਹਾ ਰਹੇ ਹਨ, ਜਦਕਿ ਪੰਜਾਬ ਵਿੱਚ ਉਨ੍ਹਾਂ ਦਾ ਆਪਣਾ ਅੱਧਾ ਕੁਨਬਾ ਖੁਦ ਉਧਾਰੇ ਲਿਆਂਦੇ ‘ਬਾਗੀ ਕਾਂਗਰਸੀਆਂ’ ਦੇ ਸਿਰ ‘ਤੇ ਚੱਲ ਰਿਹਾ ਹੈ। ਉਨ੍ਹਾਂ ਇਸ ਸਥਿਤੀ ਨੂੰ ‘ਬਿਗਾਨੇ ਵਿਆਹ ‘ਚ ਅਬਦੁੱਲਾ ਦੀਵਾਨਾ’ ਕਰਾਰ ਦਿੱਤਾ। ‘ਆਪ’ ਬੁਲਾਰੇ ਨੇ ਅਫ਼ਸੋਸ ਜਤਾਉਂਦਿਆਂ ਕਿਹਾ ਕਿ ਪੰਜਾਬ ਦੇ ਅਸਲੀ ਮੁੱਦਿਆਂ ਨਾਲ ਕਿਸੇ ਸਿਆਸੀ ਪਾਰਟੀ ਨੂੰ ਕੋਈ ਮਤਲਬ ਨਹੀਂ ਹੈ, ਬਸ ਸਭ ਦੀ ਆਪੋ-ਆਪਣੀ ਸਿਆਸੀ ਖੇਡ ਚੱਲ ਰਹੀ ਹੈ।

ਬੀਤੇ ਦਿਨ ਚਰਨਜੀਤ ਸਿੰਘ ਚੰਨੀ ਦੇ ਘਰ ਹੋਈ ਕਾਂਗਰਸ ਦੇ ਇੱਕ ਧੜੇ ਦੀ ਮੀਟਿੰਗ ਤੋਂ ਬਾਅਦ ਬਾਹਰ ਕੇ ਮੀਡੀਆ ਨਾਲ ਗੱਲਬਾਤ ਕਰਦਿਆ ਚੰਨੀ ਨੇ ਕਿਹਾ ਸੀ ਕਿ, “ਪੰਜਾਬ ਦੇ 100 ਵਿਧਾਨ ਸਭਾ ਹਲਕਿਆਂ ਵਿੱਚੋਂ 74 ਹਲਕਿਆਂ ਦੇ ਨੁਮਾਇੰਦੇ ਇਸ ਮੀਟਿੰਗ ਵਿੱਚ ਮੌਜੂਦ ਸਨ। ਮੀਟਿੰਗ ਨੇ ਮੈਨੂੰ ਅਧਿਕਾਰਤ ਕੀਤਾ ਹੈ (ਜ਼ਿੰਮੇਵਾਰੀ ਸੌਂਪੀ ਹੈ) ਕਿ ਹਾਈਕਮਾਂਡ ਦੇ ਸਾਹਮਣੇ ਪੰਜਾਬ ਦੇ ਆਗੂਆਂ ਅਤੇ ਜਨਤਾ ਦੀਆਂ ਭਾਵਨਾਵਾਂ ਰੱਖਾਂ। ਮੈਂ ਨਾ ਤਾਂ ਕੋਈ ਵੱਖਰੀ ਪਾਰਟੀ ਬਣਾਵਾਂਗਾ ਅਤੇ ਨਾ ਹੀ ਕਿਸੇ ਹੋਰ ਦਲ ਵਿੱਚ ਜਾਵਾਂਗਾ। ਕਾਂਗਰਸ ਵਿੱਚ ਰਹਿ ਕੇ ਹੀ ਲੜਾਈ ਲੜਾਂਗਾ।”