ਗੁਰਦਾਸਪੁਰ: ਬਟਾਲਾ ਤੋਂ ਇੱਕ ਬਹੁਤ ਹੀ ਦਰਦਨਾਕ ਅਤੇ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਪਰਿਵਾਰਕ ਜ਼ਮੀਨੀ ਵਿਵਾਦ ਨੇ ਚਾਰ ਜਾਨਾਂ ਲੈ ਲਈਆਂ। ਦੇਰ ਰਾਤ ਹੋਈ ਇਸ ਵਾਰਦਾਤ ਨੇ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ।
ਇਹ ਮਾਮਲਾ ਬਟਾਲਾ ਦੇ ਥਾਣਾ ਸੇਖਵਾਂ ਅਧੀਨ ਆਉਂਦੇ ਪਿੰਡ ਮੁੰਡੀ ਕਰਾਲ ਦਾ ਹੈ। ਪੁਲਿਸ ਦੀ ਸ਼ੁਰੂਆਤੀ ਜਾਂਚ ਮੁਤਾਬਕ ਮਨਜੋਤ ਸਿੰਘ ਨਾਂ ਦੇ ਨੌਜਵਾਨ ਦਾ ਆਪਣੇ ਚਾਚੇ ਦੇ ਪਰਿਵਾਰ ਨਾਲ ਪਿਛਲੇ ਕਰੀਬ ਪੰਜ ਸਾਲਾਂ ਤੋਂ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਜਾਣਕਾਰੀ ਇਹ ਵੀ ਸਾਹਮਣੇ ਆਈ ਕਿ ਮਨਜੋਤ ਦੇ ਮਾਤਾ-ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਅਤੇ ਉਹ ਚਾਚੇ ਦੇ ਪਰਿਵਾਰ ਨਾਲ ਹੀ ਰਹਿੰਦਾ ਸੀ।
ਮੰਗਲਵਾਰ ਦੇਰ ਰਾਤ ਘਰ ਵਿੱਚ ਕਿਸੇ ਗੱਲ ਨੂੰ ਲੈ ਕੇ ਤਣਾਅ ਵਧ ਗਿਆ। ਦੋਸ਼ ਹੈ ਕਿ ਗੁੱਸੇ ਵਿੱਚ ਆ ਕੇ ਮਨਜੋਤ ਨੇ ਪਿਸਤੌਲ ਕੱਢੀ ਅਤੇ ਸਭ ਤੋਂ ਪਹਿਲਾਂ ਆਪਣੀ ਚਾਚੀ ਹਰਜੀਤ ਕੌਰ ‘ਤੇ ਗੋਲੀ ਚਲਾ ਦਿੱਤੀ। ਗੋਲੀ ਲੱਗਣ ਕਾਰਨ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਇਸ ਤੋਂ ਬਾਅਦ ਉਸ ਨੇ ਆਪਣੇ 12 ਸਾਲ ਦੇ ਚਚੇਰੇ ਭਰਾ ਹਰੀ ਅੰਮ੍ਰਿਤਪਾਲ ਸਿੰਘ ਨੂੰ ਵੀ ਨਿਸ਼ਾਨਾ ਬਣਾਇਆ। ਮਾਸੂਮ ਬੱਚੇ ਨੂੰ ਵੀ ਗੋਲੀ ਮਾਰ ਦਿੱਤੀ ਗਈ।
ਗੋਲੀਆਂ ਦੀ ਆਵਾਜ਼ ਸੁਣ ਕੇ ਮਨਜੋਤ ਦਾ ਦੋਸਤ ਪਰਗਟ ਸਿੰਘ ਮੌਕੇ ‘ਤੇ ਪਹੁੰਚਿਆ। ਪਰਗਟ ਸਿੰਘ ਭਾਰਤੀ ਫੌਜ ਵਿੱਚ ਜਵਾਨ ਸੀ। ਉਹ ਮਨਜੋਤ ਨੂੰ ਰੋਕਣ ਅਤੇ ਮਾਮਲਾ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਦੋਸ਼ ਹੈ ਕਿ ਮਨਜੋਤ ਨੇ ਉਸ ‘ਤੇ ਵੀ ਗੋਲੀ ਚਲਾ ਦਿੱਤੀ। ਪੁਲਿਸ ਨੂੰ ਉਸ ਦੀ ਲਾਸ਼ ਘਰ ਦੇ ਬਾਹਰ ਝਾੜੀਆਂ ਵਿੱਚੋਂ ਮਿਲੀ।
ਤਿੰਨ ਲੋਕਾਂ ਨੂੰ ਗੋਲੀ ਮਾਰਣ ਤੋਂ ਬਾਅਦ ਮਨਜੋਤ ਘਰ ਦੇ ਅੰਦਰ ਗਿਆ ਅਤੇ ਰਸੋਈ ਵਿੱਚ ਆਪਣੇ ਸਿਰ ਵਿੱਚ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੂੰ ਮੌਕੇ ਤੋਂ ਪਿਸਤੌਲ ਵੀ ਮਿਲੀ ਹੈ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਉੱਚ ਪੁਲਿਸ ਅਧਿਕਾਰੀ ਅਤੇ ਫੋਰੈਂਸਿਕ ਟੀਮ ਮੌਕੇ ‘ਤੇ ਪਹੁੰਚੀ। ਸਬੂਤ ਇਕੱਠੇ ਕੀਤੇ ਜਾ ਰਹੇ ਹਨ ਅਤੇ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਘਟਨਾ ਕਿਵੇਂ ਅਤੇ ਕਿਹੜੇ ਹਾਲਾਤਾਂ ਵਿੱਚ ਵਾਪਰੀ।
ਫਿਲਹਾਲ ਚਾਰਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਪਿੰਡ ਵਿੱਚ ਪੁਲਿਸ ਤਾਇਨਾਤ ਕੀਤੀ ਗਈ ਹੈ। ਪੂਰੇ ਇਲਾਕੇ ਵਿੱਚ ਇਸ ਘਟਨਾ ਤੋਂ ਬਾਅਦ ਸੋਗ ਅਤੇ ਸਹਿਮ ਦਾ ਮਾਹੌਲ ਹੈ।
