ਨਿਊ ਮਾਰਕਿਟ : ਕੈਨੇਡਾ ਵਿਚ ਪੰਜਾਬੀ ਨੌਜਵਾਨ ਨੇ ਸਾਰੀਆਂ ਹੱਦਾਂ ਪਾਰ ਕਰ ਦਿਤੀਆਂ ਜਦੋਂ ਜ਼ਮਾਨਤ ’ਤੇ ਰਿਹਾਅ ਹੋਣ ਤੋਂ ਤੁਰਤ ਬਾਅਦ ਕਥਿਤ ਤੌਰ ’ਤੇ ਕਾਰ ਖੋਹਣ ਦਾ ਯਤਨ ਕੀਤਾ ਅਤੇ ਇਕ ਟਰੱਕ ਚੋਰੀ ਕਰ ਲਿਆ। ਯਾਰਕ ਰੀਜਨਲ ਪੁਲਿਸ ਵੱਲੋਂ ਨੌਜਵਾਨ ਦੀ ਸ਼ਨਾਖਤ 21 ਸਾਲ ਦੇ ਨਵਜੋਤ ਸਿੰਘ ਵਜੋਂ ਕੀਤੀ ਗਈ ਹੈ। ਪੁਲਿਸ ਨੇ ਦੱਸਿਆ ਕਿ ਨਿਊ ਮਾਰਕਿਟ ਦੇ ਮਕੈਫਰੀ ਰੋਡ ਅਤੇ ਈਗਲ ਸਟ੍ਰੀਟ ਵੈਸਟ ਇਲਾਕੇ ਵਿਚ ਕਾਰ ਖੋਹਣ ਦੇ ਯਤਨ ਦੀ ਇਤਲਾਹ ਮਿਲੀ।
ਪੁਲਿਸ ਮੁਤਾਬਕ ਸ਼ੱਕੀ ਇਕ ਘਰ ਦੇ ਡਰਾਈਵ ਵੇਅ ਵਿਚ ਟਹਿਲ ਰਹੀ ਔਰਤ ਕੋਲ ਗਿਆ ਅਤੇ ਉਸਨੂੰ ਡਰਾਉਂਦਿਆਂ ਕਾਰ ਦੀਆਂ ਚਾਬੀਆਂ ਮੰਗੀਆਂ। ਔਰਤ ਨੇ ਸਾਫ ਨਾਂਹ ਕਰ ਦਿਤੀ ਅਤੇ ਪੁਲਿਸ ਨੂੰ ਫੋਨ ਕਰ ਦਿਤਾ। ਇਸੇ ਦੌਰਾਨ ਸ਼ੱਕੀ ਉਥੋਂ ਫਰਾਰ ਹੋ ਗਿਆ। ਪੁਲਿਸ ਨੇ ਅੱਗੇ ਕਿਹਾ ਕਿ ਇਸ ਮਗਰੋਂ ਸ਼ੱਕੀ ਨੂੰ ਇਕ ਲੈਂਡਸਕੇਪਿੰਗਟ ਟਰੱਕ ਮਿਲਿਆ ਜਿਸ ਨੂੰ ਚੋਰੀ ਕਰ ਕੇ ਫਰਾਰ ਹੋ ਗਿਆ। ਪੁਲਿਸ ਅਫਸਰਾਂ ਨੇ ਸਰਗਰਮੀ ਨਾਲ ਭਾਲ ਕਰਦਿਆਂ ਸ਼ੱਕੀ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਟਰੱਕ ਨਾਲ ਪੁਲਿਸ ਦੀਆਂ ਕਈ ਗੱਡੀਆਂ ਭੰਨ ਦਿਤੀਆਂ। ਆਖਰਕਾਰ ਟਰੱਕ ਨੂੰ ਰੋਕਣ ਵਿਚ ਸਫਲਤਾ ਮਿਲੀ ਅਤੇ ਕਿਸੇ ਨੂੰ ਕੋਈ ਸੱਟ ਨਾ ਵੱਜੀ।
ਜਾਂਚਕਰਤਾਵਾਂ ਨੇ ਦੱਸਿਆ ਕਿ ਵਾਰਦਾਤ ਤੋਂ ਕੁਝ ਘੰਟੇ ਪਹਿਲਾਂ ਹੀ ਸ਼ੱਕੀ ਨੂੰ ਕਿਸੇ ਮਾਮਲੇ ਤਹਿਤ ਜ਼ਮਾਨਤ ’ਤੇ ਰਿਹਾਅ ਕੀਤਾ ਗਿਆ ਸੀ। ਉਹ ਨਿਊ ਮਾਰਕਿਟ ਦੀ ਅਦਾਲਤ ਵਿਚੋਂ ਬਾਹਰ ਆਇਆ ਅਤੇ ਸਭ ਤੋਂ ਪਹਿਲਾਂ ਕਾਰ ਖੋਹਣ ਦਾ ਯਤਨ ਕੀਤਾ ਅਤੇ ਫਿਰ ਟਰੱਕ ਚੋਰੀ ਕਰ ਕੇ ਫਰਾਰ ਹੋਇਆ। ਪੁਲਿਸ ਵੱਲੋਂ ਨਵਜੋਤ ਸਿੰਘ ਵਿਰੁੱਧ ਲੁੱਟ ਅਤੇ ਮੋਟਰ ਵ੍ਹੀਹਕਲ ਚੋਰੀ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ। ਨਵਜੋਤ ਸਿੰਘ ਦਾ ਕੋਈ ਪੱਕਾ ਪਤਾ-ਟਿਕਾਣਾ ਨਹੀਂ ਅਤੇ ਮਾਮਲੇ ਦੀ ਪੜਤਾਲ ਚੱਲ ਰਹੀ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਤੁਰਤ ਜਾਂਚਕਰਤਾਵਾਂ ਨਾਲ ਸੰਪਰਕ ਕਰੇ।