ਚੰਡੀਗੜ੍ਹ : ਸੈਕਟਰ-42 ਸਥਿਤ ਡਾ. ਅੰਬੇਡਕਰ ਕਾਲਜ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਕੰਟਰੋਲ ਰੂਮ ਨੂੰ ਮਿਲੇ ਸੰਦੇਸ਼ ਤੋਂ ਬਾਅਦ ਪੁਲਿਸ ਤੁਰੰਤ ਅਲਰਟ ਮੋਡ ਵਿੱਚ ਆ ਗਈ ਅਤੇ ਕਾਲਜ ਕੰਪਲੈਕਸ ਵਿੱਚ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਚਲਾਈ ਗਈ।ਜਾਣਕਾਰੀ ਮੁਤਾਬਕ, ਕੰਟਰੋਲ ਰੂਮ ਨੂੰ ਇੱਕ ਸੁਨੇਹਾ ਮਿਲਿਆ ਸੀ, ਜਿਸ ਵਿੱਚ ਕਾਲਜ ਨੂੰ ਬੰਬ ਨਾਲ ਉਡਾਉਣ ਦੀ ਗੱਲ ਕਹੀ ਗਈ ਸੀ।
ਸੂਚਨਾ ਮਿਲਦੇ ਹੀ ਚੰਡੀਗੜ੍ਹ ਪੁਲਿਸ ਦੀ ਟੀਮ,ਬੰਬ ਸਕੁਐਡ ਅਤੇ ਡੌਗ ਸਕੁਐਡ ਮੌਕੇ ‘ਤੇ ਪਹੁੰਚ ਗਏ। ਪੂਰੇ ਕਾਲਜ ਕੰਪਲੈਕਸ ਨੂੰ ਘੇਰ ਲਿਆ ਗਿਆ ਅਤੇ ਹਰ ਕੋਨੇ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ। ਇਹਤਿਆਤ ਵਜੋਂ ਪੁਲਿਸ ਨੇ ਕਾਲਜ ਵਿੱਚ ਮੌਜੂਦ ਸਾਰੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਤੁਰੰਤ ਸੁਰੱਖਿਅਤ ਬਾਹਰ ਕੱਢਿਆ ਅਤੇ ਆਉਣ-ਜਾਣ ਵਾਲੇ ਲੋਕਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ, ਤਾਂ ਜੋ ਕਿਸੇ ਵੀ ਸੰਭਾਵੀ ਖਤਰੇ ਨੂੰ ਟਾਲਿਆ ਜਾ ਸਕੇ।
ਪੁਲਿਸ ਅਧਿਕਾਰੀਆਂ ਅਨੁਸਾਰ, ਤਲਾਸ਼ੀ ਮੁਹਿੰਮ ਦੌਰਾਨ ਕੋਈ ਵੀ ਸ਼ੱਕੀ ਵਸਤੂ ਨਹੀਂ ਮਿਲੀ ਹੈ। ਪਰ ਸੁਰੱਖਿਆ ਏਜੰਸੀਆਂ ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਹਰ ਪਹਿਲੂ ਦੀ ਜਾਂਚ ਕਰ ਰਹੀਆਂ ਹਨ।ਸਾਈਬਰ ਟੀਮ ਨੂੰ ਧਮਕੀ ਭਰੇ ਸੰਦੇਸ਼ ਦੇ ਸਰੋਤ ਦਾ ਪਤਾ ਲਗਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਤਕਨੀਕੀ ਜਾਂਚ ਰਾਹੀਂ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਸੁਨੇਹਾ ਕਿੱਥੋਂ ਭੇਜਿਆ ਗਿਆ, ਕਿਸ ਡਿਵਾਈਸ ਤੋਂ ਭੇਜਿਆ ਗਿਆ ਅਤੇ ਇਸ ਦੇ ਪਿੱਛੇ ਕਿਹੜਾ ਵਿਅਕਤੀ ਜਾਂ ਸਮੂਹ ਸ਼ਾਮਲ ਹੋ ਸਕਦਾ ਹੈ। ਪੁਲਿਸ ਮੋਬਾਈਲ ਨੰਬਰ, ਇੰਟਰਨੈਟ ਆਈਪੀ (IP) ਅਤੇ ਹੋਰ ਡਿਜੀਟਲ ਸੁਰਾਗਾਂ ਦੇ ਆਧਾਰ ‘ਤੇ ਜਾਂਚ ਨੂੰ ਅੱਗੇ ਵਧਾ ਰਹੀ ਹੈ।
ਚੰਡੀਗੜ੍ਹ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਅਫਵਾਹ ‘ਤੇ ਧਿਆਨ ਨਾ ਦੇਣ ਅਤੇ ਜੇਕਰ ਕਿਤੇ ਕੋਈ ਸ਼ੱਕੀ ਵਸਤੂ ਜਾਂ ਗਤੀਵਿਧੀ ਨਜ਼ਰ ਆਵੇ ਤਾਂ ਤੁਰੰਤ ਪੁਲਿਸ ਨੂੰ ਸੂਚਨਾ ਦੇਣ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸ਼ਹਿਰ ਵਿੱਚ ਕਈ ਅਹਿਮ ਸਥਾਨਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। ਸਕੂਲਾਂ, ਪੰਜਾਬ ਸਕੱਤਰੇਤ, ਜ਼ਿਲ੍ਹਾ ਅਦਾਲਤ ਅਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੂੰ ਵੀ ਪਹਿਲਾਂ ਅਜਿਹੇ ਹੀ ਧਮਕੀ ਭਰੇ ਸੰਦੇਸ਼ ਮਿਲ ਚੁੱਕੇ ਹਨ।
