ਰਿਚਮੰਡ : ਉਨਟਾਰੀਓ ਦੇ ਰਿਚਮੰਡ ਹਿਲ ਵਿਖੇ ਇਕ ਘਰ ਵਿਚੋਂ ਤਿੰਨ ਲਾਸ਼ਾਂ ਮਿਲਣ ਮਗਰੋਂ ਪੜਤਾਲ ਕਰ ਰਹੀ ਯਾਰਕ ਰੀਜਨਲ ਪੁਲਿਸ ਵੱਲੋਂ ਵੱਡਾ ਖੁਲਾਸਾ ਕੀਤਾ ਗਿਆ ਹੈ। ਪੁਲਿਸ ਨੇ ਕਿਹਾ ਕਿ ਘਰੇਲੂ ਹਿੰਸਾ ਨੇ ਪੰਜ ਮਹੀਨੇ ਦੇ ਬੱਚੇ ਦੀ ਜਾਨ ਵੀ ਲੈ ਗਈ ਜਦਕਿ ਮਰਨ ਵਾਲੇ ਦੋ ਹੋਰਨਾਂ ਦੀ ਉਮਰ 41 ਸਾਲ ਅਤੇ 36 ਸਾਲ ਦੱਸੀ ਗਈ ਹੈ।

ਪੁਲਿਸ ਵੱਲੋਂ ਮਰਨ ਵਾਲਿਆਂ ਦੇ ਨਾਂ ਅਤੇ ਇਨ੍ਹਾਂ ਦੇ ਆਪਸੀ ਰਿਸ਼ਤੇ ਬਾਰੇ ਕੋਈ ਜਾਣਕਾਰੀ ਨਹੀਂ ਦਿਤੀ ਗਈ। ਪੋਸਟ ਮਾਰਟਮ ਦੀ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ ਪਰ ਪੁਲਿਸ ਵੱਲੋਂ ਮੌਤ ਦੇ ਕਾਰਨਾਂ ਬਾਰੇ ਵੀ ਕੋਈ ਜ਼ਿਕਰ ਨਾ ਕੀਤਾ ਗਿਆ। ਮਾਮਲਾ ਕਾਫੀ ਉਲਝਿਆ ਮਹਿਸੂਸ ਹੋ ਰਿਹਾ ਹੈ ਅਤੇ ਅਪਰਾਧ ਵਿਗਿਆਨ ਦੀ ਜਾਣਕਾਰੀ ਰੱਖਣ ਵਾਲਿਆਂ ਦਾ ਮੰਨਣਾ ਹੈ ਕਿ ਪੁਰਸ਼ ਨੇ ਆਪਣੀ ਮਹਿਲਾ ਸਾਥੀ ਅਤੇ ਬੱਚੇ ਦਾ ਕਥਿਤ ਕਤਲ ਕਰਨ ਮਗਰੋਂ ਖੁਦਕੁਸ਼ੀ ਕਰ ਲਈ।