ਮਿਲਾਨ (ਦਲਜੀਤ ਮੱਕੜ) ਬੀਤੇ ਕੱਲ ਸਵੇਰ ਲੱਗਭਗ 5:30 ਤੇ ਇਟਲੀ ਦੇ ਵੈਰੋਨਾ ਨੇੜਲੇ ਸ਼ਹਿਰ ਨੋਗਾਰਾ ਵਿਖੇ ਵਾਪਰੇ ਸੜਕ ਹਾਦਸੇ ਦੌਰਾਨ ਹੁਸਿ਼ਆਰਪੁਰ ਜਿਲੇ ਦੇ ਪਿੰਡ ਪਾਲਦੀ ਨਾਲ਼ ਸਬੰਧਿਤ 24 ਸਾਲਾਂ ਨੌਜਵਾਨ ਦਲਵੀਰ ਸਿੰਘ ਦੀ ਮੌਤ ਹੋਣ ਦੀ ਦੁੱਖਦਾਇਕ ਖਬਰ ਸਾਹਮਣੇ ਆਈ ਹੈ।ਇਹ ਨੌਜਵਾਨ ਕੱਲ ਸੇਵੇਰ ਜਦੋਂ ਇਟਲੀ ਦੇ ਨੋਗਾਰਾ ਸ਼ਹਿਰ ਨੇੜੇ ਇਕ ਸੜਕ ਤੇ ਆਪਣੀ ਗੱਡੀ ਵਿੱਚ ਜਾ ਰਿਹਾ ਸੀ ਤਾਂ ਉਸ ਦੀ ਕਾਰ ਦਾ ਅਗਲਾ ਹਿੱਸਾ ਸੜਕ ਤੇ ਜਾ ਰਹੇ ਟ੍ਰੈਕਟਰ ਨਾਲ਼ ਟਕਰਾ ਗਿਆ।ਘਟਨਾ ਦੀ ਸੂਚਨਾ ਮਿਲਦਿਆਂ ਹੀ ਇਟਲੀ ਦੇ ਸਿਹਤ ਵਿਭਾਗ ਦੇ ਦਸਤੇ ਅਤੇ ਹੋਰ ਸਰੁੱਖਿਆਂ ਟੀਮਾਂ ਘਟਨਾ ਸਥਾਨ ਤੇ ਤੁਰੰਤ ਪਹੁੰਚ ਗਈਆਂ ਪ੍ਰੰਤੂ ਦਲਵੀਰ ਸਿੰਘ ਦੇ ਸੱਟ ਜਿਆਦਾ ਲੱਗ ਜਾਣ ਕਰਕੇ ਡਾਕਟਰ ਉਸ ਨੂੰ ਬਚਾ ਨਹੀ ਸਕੇ ।ਇਹ ਨੌਜਵਾਨ ਹੁਸਿ਼ਆਰ ਜਿਲੇ ਦੇ ਪਾਲਦੀ ਪਿੰਡ ਦੇ ਸ:ਸੁਖਦੇਵ ਸਿੰਘ ਅਤੇ ਮਾਤਾ ਪਰਮਜੀਤ ਕੌਰ ਦਾ ਇਕਲੌਤਾ ਸਪੁੱਤਰ ਸੀ।ਇਸ ਨੌਜਵਾਨ ਨੇ ਆਪਣੀ ਮਾਤਾ ਨੂੰ ਮਿਲਣ ਲਈ 6 ਜਨਵਰੀ ਨੂੰ ਪੰਜਾਬ ਆਉਣਾ ਸੀ।ਨੌਜਵਾਨ ਦੇ ਪਿਤਾ ਸ:ਸੁਖਦੇਵ ਸਿੰਘ ਨੇ ਅਤਿ ਦੁੱਖਭਰੇ ਹਿਰਦੇ ਨਾਲ਼ ਗੱਲਬਾਤ ਦੌਰਾਨ ਦੱਸਿਆ ਕਿ ਦਲਵੀਰ ਸਿੰਘ ਦੀ ਮ੍ਰਿਤਕ ਦੇਹ ਨੂੰ ਪੰਜਾਬ ਲਿਜਾਇਆ ਜਾਵੇਗਾ।ਅਤੇ ਉਸ ਦਾ ਅੰਤਿਮ ਸੰਸਕਾਰ ਪਿੰਡ ਪਾਲਦੀ ਵਿਖੇ ਕੀਤਾ ਜਾਵੇਗਾ।