ਬਰੈਂਪਟਨ, ਉਨਟਾਰੀਓ: ਕੈਨੇਡੀਅਨ ਪ੍ਰੋਵਿੰਸ ਉਨਟਾਰੀਓ ਦੇ ਸ਼ਹਿਰ ਬਰੈਂਪਟਨ ਵਿੱਚ ਪੰਜਾਬ ਦੇ ਡੇਰਾ ਬਾਬਾ ਨਾਨਕ ਨੇੜਲੇ ਪਿੰਡ ਮਸਰਾਲਾ ਦੇ 24 ਸਾਲਾ ਨੌਜਵਾਨ ਦੀ ਦਿਮਾਗੀ ਨਾੜੀ ਫਟਣ ਕਾਰਨ ਮੌਤ ਹੋ ਗਈ ਹੈ । ਅਮਰਪਾਲ ਸਿੰਘ ਕੈਨੇਡਾ ‘ਚ ਸਾਲ 2019 ਵਿੱਚ ਸਟੱਡੀ ਵੀਜ਼ਾ ‘ਤੇ ਆਇਆ ਸੀ। ਉਸ ਨੇ ਭਾਰਤ ਵਾਪਸ ਜਾਣ ਲਈ 26 ਦਸੰਬਰ ਦੀ ਟਿਕਟ ਬੁੱਕ ਕਰਵਾਈ ਸੀ ਅਤੇ ਆਪਣਾ ਸਾਮਾਨ ਵੀ ਪੈਕ ਕਰ ਲਿਆ ਸੀ ਪਰ 26 ਦਸੰਬਰ ਨੂੰ ਦੁਪਹਿਰ 1 ਵਜੇ ਦੇ ਕਰੀਬ ਅਚਾਨਕ ਘਰ ਵਿਚ ਹੀ ਉਸ ਦੀ ਦਿਮਾਗੀ ਨਸ ਫਟ ਗਈ ਅਤੇ ਉਸ ਦੇ ਕੰਨਾਂ ਵਿਚੋਂ ਖੂਨ ਨਿਕਲਣਾ ਸ਼ੁਰੂ ਹੋ ਗਿਆ। ਉਸ ਦੇ ਦੋਸਤਾਂ ਨੇ ਤੁਰੰਤ ਉਸ ਨੂੰ ਮੈਡੀਕਲ ਸਹੂਲਤ ਦੇਣ ਲਈ ਹਸਪਤਾਲ ਦਾਖਲ ਕਰਵਾਇਆ, ਜਿੱਥੇ ਡਾਕਟਰੀ ਇਲਾਜ ਦੌਰਾਨ ਅਮਰਪਾਲ ਸਿੰਘ ਦੀ ਮੌਤ ਹੋ ਗਈ।