ਓਟਾਵਾ—ਕੈਨੇਡੀਅਨ ਸਿਟੀਜ਼ਨਸ਼ਿਪ ਬਾਰੇ ਨਿਯਮਾਂ ‘ਚ ਪਿਛਲੇ ਸਾਲ ਢਿੱਲ ਦਿੱਤੇ ਮਗਰੋਂ ਫੈਡਰਲ ਸਰਕਾਰ ਨੇ 9ਵੇਂ ਸਿਟੀਜ਼ਨਸ਼ਿਪ ਜੱਜਾਂ ਦੀ ਨਿਯੁਕਤੀ ਕਰ ਦਿੱਤੀ ਜਿਸ ਨਾਲ ਜੱਜਾਂ ਦੀ ਕੁਲ ਗਿਣਤੀ 14 ਹੋ ਗਈ ਹੈ। ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਨੇ ਨਵੀਂਆਂ ਨਿਯੁਕਤੀਆਂ ਤੋਂ ਇਲਾਵਾ ਇਕ ਜੱਜ ਦੇ ਕਾਰਜਕਾਲ ‘ਚ ਵਾਧਾ ਕਰਦਿਆਂ ਮੁੜ ਨਾਮਜ਼ਦ ਕੀਤਾ ਹੈ। ਨਵੇਂ ਜੱਜਾਂ ਨੂੰ ਗ੍ਰੇਟਰ ਟੋਰਾਂਟੋ ਏਰੀਆ, ਵਿੰਨੀਪੈਗ, ਐਡਿਮਿੰਟਨ, ਵੈਨਕੂਵਰ, ਸਰੀ, ਹੈਲੀਫੈਕਸ ਅਤੇ ਮੌਂਟਰੀਅਲ ਵਿਖੇ ਤਾਇਨਾਤ ਕੀਤਾ ਗਿਆ ਹੈ।ਨਵੇਂ ਜੱਜਾਂ ‘ਚ ਹਰਦੀਸ਼ ਕੌਰ ਧਾਲੀਵਾਰ ਵੀ ਸ਼ਾਮਲ ਹਨ ਜਿਨ੍ਹਾਂ ਨੂੰ ਗ੍ਰੇਟਰ ਟੋਰਾਂਟੋ ਏਰੀਆ ‘ਚ ਨਿਯੁਕਤ ਕੀਤਾ ਗਿਆ ਹੈ। ਇੰਗਲੈਂਡ ਅਤੇ ਵੇਲਜ਼ ਦੇ ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ ਦੀ ਫੈਲੋ ਹਰਦੀਸ਼ ਕੌਰ ਨੂੰ ਨਿਜੀ, ਜਨਤਕ ਅਤੇ ਐੱਨ.ਜੀ.ਓ. ਖੇਤਰਾਂ ‘ਚ 25 ਸਾਲ ਦਾ ਪ੍ਰਬੰਧਕੀ ਤਜਰਬਾ ਹਾਸਲ ਹੈ। ਊਹ ਯੂਰੋਪ, ਏਸ਼ੀਆ ਅਤੇ ਅਫਰੀਕਾ ਅਤੇ ਕੇਂਦਰੀ ਅਮਰੀਕਾ ‘ਚ ਕੰਮ ਕਰ ਚੁੱਕੇ ਹਨ ਅਤੇ ਓਨਟਾਰੀਓ ਦੇ ਇੰਮੀਗ੍ਰੇਸ਼ਨ ਵਿਭਾਗ ਨਾਲ ਕੰਮ ਕਰਨ ਦਾ ਲੰਬਾ ਤਜਰਬਾ ਹਾਸਲ ਹੈ। ਇੰਮੀਗ੍ਰੇਸ਼ਨ ਵਿਭਾਗ ਦੇ ਤਰਜਮਾਨ ਕਾਰਲ ਬਿਊਚੈਂਪ ਨੇ ਦੱਸਿਆ ਕਿ ਨਵੀਂਆਂ ਨਿਯੁਕਤੀਆਂ ਨਾਲ ਦੇਸ਼ ‘ਚ ਭਰ ‘ਚ ਸਿਟੀਜ਼ਨਸ਼ਿਪ ਦੀ ਉਡੀਕ ਕਰ ਰਹੇ ਪ੍ਰਵਾਸੀਆਂ ਨੂੰ ਸਹੂਲਤ ਮਿਲੇਗੀ। ਇਕ ਸਿਟੀਜ਼ਨਸ਼ਿਪ ਜੱਜ ਦੇਸ਼ ਦੇ ਨਵੇਂ ਨਾਗਰਿਕਾਂ ਨੂੰ ਸਹੁੰ-ਚੁਕਾਉਣ ਦੀ ਰਸਮ ਤੋਂ ਇਲਾਵਾ ਕੁਝ ਸਿਟੀਜ਼ਨਸ਼ਿਪ ਅਰਜ਼ੀਆਂ ਬਾਰੇ ਫੈਸਲਾ ਵੀ ਸੁਣਾਉਂਦੇ ਹਨ।ਇੰਮੀਗ੍ਰੇਸ਼ਨ ਵਿਭਾਗ ਮੁਤਾਬਕ 2017 ‘ਚ ਇਕ ਲੱਖ ਪੰਜ ਹਜ਼ਾਰ ਪ੍ਰਵਾਸੀ ਕੈਨੇਡਾ ਦੇ ਨਾਗਰਿਕ ਬਣੇ ਅਤੇ ਨਵਾਂ ਨਿਯਮ ਲਾਗੂ ਹੋਣ ਪਿੱਛੋਂ ਸਿਟੀਨਜ਼ਸ਼ਿਪ ਲਈ ਆਉਣ ਵਾਲੀਆਂ ਅਰਜ਼ੀਆਂ ਦੀ ਔਸਤ ਗਿਣਤੀ 3653 ਪ੍ਰਤੀ ਹਫਤਾ ਤੋਂ ਵਧ ਕੇ 17,500 ਪ੍ਰਤੀ ਹਫਤਾ ਹੋ ਗਈ। ਕੈਨੇਡਾ ਸਰਕਾਰ ਵੱਲੋਂ ਨਿਯੁਕਤ ਸਿਟੀਜ਼ਨਸ਼ਿਪ ਜੱਜ ਵੰਨ-ਸੁਵੰਨੇ ਪੇਸ਼ੇਵਰ ਪਿਛੋਕੜ ਜਿਵੇਂ ਵਕੀਲ, ਨੌਕਰਸ਼ਾਹ, ਕਮਿਊਨੀਕੇਸ਼ਨ ਮਾਹਰ, ਚਾਰਟਰਡ ਅਕਾਊਂਟੈਂਟ ਅਤੇ ਕੈਨੇਡੀਅਨ ਹਥਿਆਰਬੰਦ ਫੌਜ ‘ਚ ਸੇਵਾਵਾਂ ਨਾਲ ਸੰਬਧਤ ਰਹੇ ਹਨ। ਦੱਸਣਯੋਗ ਹੈ ਕਿ ਸਿਟੀਜ਼ਨਸ਼ਿਪ ਜੱਜਾਂ ਦੀ ਨਿਯੁਕਤੀ ਇੰਮੀਗ੍ਰੇਸ਼ਨ ਵਿਭਾਗ ਦੀ ਸ਼ਿਫਾਰਸ਼ ‘ਤੇ ਗਵਰਨਰ ਇਨ ਕੌਂਸਲ ਦੁਆਰਾ ਕੀਤੀ ਜਾਂਦੀ ਹੈ। ਇੰਮੀਗ੍ਰੇਸ਼ਨ ਵਿਭਾਗ ਨੇ ਕਿਹਾ ਕਿ ਨਵੇਂ ਜੱਜਾਂ ਨੂੰ ਬਿਲਕੁਲ ਪਾਰਦਰਸ਼ੀ ਅਤੇ ਮੈਰਿਟ ਆਧਾਰਤ ਪ੍ਰਕਿਰਿਆ ਰਾਹੀਂ ਨਿਯੁਕਤ ਕੀਤਾ ਗਿਆ ਹੈ।