ਚੰਡੀਗੜ੍ਹ, 7 ਜਨਵਰੀ 2019
ਸ਼ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਸ਼ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਵੱਲੋਂ ਉੱਤਰ ਪ੍ਰਦੇਸ ਦੇ ਪੀਲੀਭੀਤ ‘ਚ ਨਗਰ ਕੀਰਤਨ ਦੌਰਾਨ ਵਾਪਰੀ ਮੰਦਭਾਗੀ ਘਟਨਾ ਦੀ ਜਾਂਚ-ਪੜਤਾਲ ਸੰਬੰਧੀ ਸ਼ਰੋਮਣੀ ਅਕਾਲੀ ਦਲ ਦੇ ਵਫਦ ਦਾ ਗਠਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ 9 ਜਨਵਰੀ ਨੂੰ ਯੂ.ਪੀ. ਜਾ ਰਹੇ ਇਸ ਵਿੱਚ ਵਫਦ ਵਿੱਚ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਬਲਵਿੰਦਰ ਸਿੰਘ ਭੰਦੂੜ, ਨਰੇਸ਼ ਗੁਜਰਾਲ ਤੋਂ ਇਲਾਵਾ ਐੱਸ.ਜੀ.ਪੀ.ਸੀ ਮੈਂਬਰ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਸ਼ਾਮਿਲ ਹੋਣਗੇ। ਉਨ੍ਹਾਂ ਸ਼ਰੋਮਣੀ ਅਕਾਲੀ ਦਲ ਵੱਲੋਂ ਅਜਿਹੀ ਮੰਦਭਾਗੀ ਘਟਨਾ ਦੀ ਨਿੰਦਿਆਂ ਕਰਦਿਆਂ ਕਿਹਾ ਕਿ ਸਮੁੱਚੇ ਸਿੱਖ ਭਾਈਚਾਰੇ ਲਈ ਚਿੰਤਾ ਦਾ ਵਿਸ਼ਾ ਹੈ, ਜਿਸਦੀ ਅਕਾਲੀ ਦਲ ਜਾਂਚ ਕਰਵਾਏਗਾ।
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਸ਼ਰੋਮਣੀ ਅਕਾਲੀ ਦਲ ਦਾ ਇਹ ਸਾਂਝਾ ਵਫਦ ਯੂ.ਪੀ. ਦੇ ਪੀਲੀਭੀਤ ਖੇਤਰ ‘ਚ ਨਗਰ ਕੀਰਤਨ ਕੱਢਣ ਦੌਰਾਨ ਪੁਲਿਸ ਵੱਲੋਂ 55 ਸਿੱਖਾਂ ‘ਤੇ ਦਰਜ ਕੀਤੇ ਮੁਕੱਦਮਿਆਂ ਨੂੰ ਰੱਦ ਕਰਵਾਉਣ ਲਈ ਜਿਲ੍ਹਾ ਪ੍ਰਸ਼ਾਸਨ ਨਾਲ ਮੁਲਾਕਾਤ ਕਰੇਗਾ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਵਫਦ ਦੇ ਮੈਂਬਰਾਂ ਵੱਲੋਂ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕਰਕੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਵੀ ਕੀਤੀ ਜਾਵੇਗੀ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਭਵਿੱਖ ‘ਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਵਫਦ ਦੇ ਮੈਂਬਰਾਂ ਵੱਲੋਂ ਯੂ.ਪੀ. ਸਰਕਾਰ ਦੇ ਨੁਮਾਇੰਦਿਆਂ ਨਾਲ ਵੀ ਮੁਲਾਕਾਤ ਕੀਤੀ ਜਾਵੇਗੀ।