ਹੈਮਿਲਟਨ : ਕੈਨੇਡਾ ਵਿਚ 56 ਸਾਲ ਦੇ ਕੁਲਦੀਪ ਸਿੰਘ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿਤਾ ਗਿਆ ਅਤੇ ਵਾਰਦਾਤ ਨੂੰ ਕਥਿਤ ਤੌਰ ’ਤੇ ਕੁਲਦੀਪ ਸਿੰਘ ਦੇ 22 ਸਾਲਾ ਬੇਟੇ ਸੁਖਰਾਜ ਸਿੰਘ ਚੀਮਾ ਨੇ ਹੀ ਅੰਜਾਮ ਦਿਤਾ ਹੈ। ਹੈਮਿਲਟਨ ਦੇ ਸਟੋਨੀ ਕ੍ਰੀਕ ਇਲਾਕੇ ਵਿਚ ਵਾਪਰੀ ਵਾਰਦਾਤ ਮਗਰੋਂ ਸੁਖਰਾਜ ਸਿੰਘ ਚੀਮਾ ਫਰਾਰ ਹੈ ਅਤੇ ਪੁਲਿਸ ਉਸ ਦੀ ਭਾਲ ਕਰ ਰਹੀ ਹੈ।
22 ਸਾਲ ਦੇ ਬੇਟੇ ਸੁਖਰਾਜ ਸਿੰਘ ਚੀਮਾ ’ਤੇ ਲੱਗੇ ਦੋਸ਼
ਸੀ.ਪੀ. 24 ਦੀ ਰਿਪੋਰਟ ਮੁਤਾਬਕ ਮੌਕੇ ’ਤੇ ਪੁੱਜੇ ਪੁਲਿਸ ਅਫਸਰਾਂ ਨੂੰ ਕੁਲਦੀਪ ਸਿੰਘ ਨਾਜ਼ੁਕ ਹਾਲਤ ਵਿਚ ਮਿਲਿਆ ਜਿਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਜ਼ਖਮਾਂ ਦੀ ਤਾਬ ਨਾ ਝਲਦਾ ਹੋਇਆ ਦਮ ਤੋੜ ਗਿਆ। ਹੈਮਿਲਟਨ ਪੁਲਿਸ ਨੇ ਦੱਸਿਆ ਕਿ ਸ਼ਨਿੱਚਰਵਾਰ ਰਾਤ ਹੋਈ ਵਾਰਦਾਤ ਮਗਰੋਂ ਆਂਢ ਗੁਆਂਢ ਦੇ ਲੋਕਾਂ ਨੇ ਦੱਸਿਆ ਕਿ ਪਿਉ ਪੁੱਤ ਦਾ ਕਿਸੇ ਗੱਲ ਦਾ ਝਗੜਾ ਹੋਇਆ ਅਤੇ ਇਸ ਮਗਰੋਂ ਸੁਖਰਾਜ ਸਿੰਘ ਚੀਮਾ ਗੂੜ੍ਹੇ ਨੀਲੇ ਰੰਗ ਦੀ ਗੱਡੀ ਵਿਚ ਫਰਾਰ ਹੋ ਗਿਆ।
ਵਾਰਦਾਤ ਟ੍ਰਫੈਲਗਰ ਡਰਾਈਵ ਅਤੇ ਮਡ ਸਟ੍ਰੀਟ ਇਲਾਕੇ ਦੇ ਇਕ ਘਰ ਵਿਚ ਵਾਪਰੀ ਜਦਕਿ ਸੁਖਰਾਜ ਸਿੰਘ ਚੀਮਾ ਫਰਾਰ ਹੋਣ ਤੋਂ ਪਹਿਲਾਂ ਤਕਰੀਬਨ ਅੱਧਾ ਘੰਟਾ ਉਥੇ ਮੌਜੂਦ ਰਿਹਾ। ਜਾਂਚਕਰਤਾਵਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਵਾਰਦਾਤ ਬਾਰੇ ਕੋਈ ਜਾਣਕਾਰੀ ਹੋਵੇ ਜਾਂ ਕੋਈ ਡੈਸ਼ਕੈਮ ਵੀਡੀਓ ਹੋਵੇ ਤਾਂ ਡਿਟੈਕਟਿਵ ਲਿਜ਼ਾ ਚੈਂਬਰਜ਼ ਨਾਲ 905 546 3843 ’ਤੇ ਸੰਪਰਕ ਕੀਤਾ ਜਾਵੇ।