ਮੁੰਬਈ, 5 ਜੂਨ
ਪੁਲੀਸ ਨੇ ਟੀਵੀ ਅਭਿਨੇਤਾ ਪਰਲ ਪੁਰੀ ਨੂੰ 5 ਸਾਲ ਦੀ ਬੱਚੀ ਨਾਲ ਜਬਰ ਜਨਾਹ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ। ਮੀਰਾ ਭਇੰਦਰ-ਵਸਾਈ ਵਿਰਾੜ (ਐੱਮਬੀਵੀਵੀ) ਪੁਲੀਸ ਨੇ ਉਸ ਨੂੰ ਸ਼ੁੱਕਰਵਾਰ ਰਾਤ ਨੂੰ ਅੰਬੋਲੀ ਥਾਣੇ ਦੇ ਕਰਮਚਾਰੀਆਂ ਦੀ ਮਦਦ ਨਾਲ ਗ੍ਰਿਫਤਾਰ ਕੀਤਾ। ” ਨਾਗੀਨ 3 ”, ” ਬੇਪਨਾਹ ਪਿਆਰ ” ਅਤੇ ” ਬ੍ਰਹਮਰਕਸ਼ 2 ” ਦੇ ਸੀਰੀਅਲਾਂ ਵਿਚ ਅਦਾਕਾਰੀ ਕਰ ਚੁੱਕੇ 31 ਸਾਲਾ ਪੁਰੀ ਖਿਲਾਫ ਸ਼ਿਕਾਇਤ ਨਾਬਾਲਗ ਪੀੜਤ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੁਆਰਾ ਦਰਜ ਕੀਤੀ ਗਈ ਸੀ। ਅਧਿਕਾਰੀ ਨੇ ਦੱਸਿਆ ਕਿ ਸ਼ਿਕਾਇਤ ਦੇ ਅਧਾਰ ‘ਤੇ ਉਸ ਦੇ ਖਿਲਾਫ ਐੱਫਆਈਆਰ ਦਰਜ ਕੀਤੀ ਗਈ। ਪੁਲਿਸ ਨੇ ਦੱਸਿਆ ਕਿ ਅਦਾਕਾਰ ‘ਤੇ ਆਈਪੀਸੀ ਦੀ ਧਾਰਾ 376 (ਬਲਾਤਕਾਰ) ਅਤੇ ਬੱਚਿਆਂ ਦੇ ਜਿਨਸੀ ਅਪਰਾਧਾਂ ਤੋਂ ਬਚਾਅ (ਪੀਓਸੀਐੱਸਓ) ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਦੌਰਾਨ ਨਿਰਮਾਤਾ ਏਕਤਾ ਕਪੂਰ ਨੇ ਪੁਰੀ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦਿਆਂ ਕਿਹਾ ਹੈ ਕਿ ਅਦਾਕਾਰ ਨੂੰ ਬੱਚੀ ਦੇ ਪਿਤਾ ਨੇ ਝੂਠੇ ਕੇਸ ਵਿੱਚ ਫਸਾਇਆ ਹੈ।