ਪੈਰਿਸ : ਫ਼ਰਾਂਸ ਵਿਚ 70,000 ਤੋਂ ਵੱਧ ਕਿਸਾਨਾਂ ਨੇ ਸਰਕਾਰ ਦੀਆਂ ਨੀਤੀਆਂ ’ਤੇ ਅਸੰਤੁਸ਼ਟੀ ਪ੍ਰਗਟਾਉਂਦੇ ਹੋਏ ਪੂਰੇ ਦੇਸ਼ ਵਿਚ ਸ਼ੁੱਕਰਵਾਰ ਨੂੰ ਵੱਡੇ ਪੈਮਾਨੇ ’ਤੇ ਵਿਰੋਧ ਪ੍ਰਦਰਸ਼ਨ ਕੀਤਾ, ਜਿਸ ਵਿਚ 41,000 ਤੋਂ ਵੱਧ ਟਰੈਕਟਰ ਵੀ ਸ਼ਾਮਲ ਸਨ। ਫ਼ਰੈਂਚ ਨੈਸ਼ਨਲ ਫ਼ੈਡਰੇਸ਼ਨ ਆਫ਼ ਐਗਰੀਕਲਚਰ ਹੋਲਡਰਜ਼ ਯੂਨੀਅਨਜ਼ (ਐਫ਼.ਐਨ.ਐਸ.ਈ.ਏ.) ਨੇ ਐਕਸ ’ਤੇ ਇਕ ਬਿਆਨ ਵਿਚ ਇਹ ਜਾਣਕਾਰੀ ਦਿਤੀ।

ਇਸ ਤੋਂ ਪਹਿਲਾਂ ਐਫ਼.ਐਨ.ਐਸ.ਈ.ਏ. ਦੇ ਪ੍ਰਧਾਨ ਅਰਨੌਡ ਰੂਸੋ ਨੇ ਕਿਹਾ ਸੀ ਕਿ ਪੂਰੇ ਦੇਸ਼ ਵਿਚ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਦੇਸ਼ ਦੇ 96 ਵਿਚੋਂ 85 ਮਹਾਨਗਰਾਂ ਵਿਚ ਫੈਲ ਗਿਆ ਹੈ। ਬੀ.ਐਫ਼.ਐਮ.ਟੀ.ਵੀ. ਨੇ ਦਸਿਆ ਕਿ ਟਰੈਕਟਰਾਂ ’ਤੇ ਸਵਾਰ ਕਿਸਾਨਾਂ ਨੇ ਪੈਰਿਸ ਵਲ ਜਾਣ ਵਾਲੇ ਕਈ ਮੁੱਖ ਹਾਈਵੇਜ਼ ’ਤੇ ਆਵਾਜਾਈ ਨੂੰ ਰੋਕ ਦਿਤਾ। ਇਸ ਤੋਂ ਪਹਿਲਾਂ ਵੀਰਵਾਰ ਤੋਂ ਫ਼ਰਾਂਸ ਵਿਚ ਕਿਸਾਨ ਹਾਈਵੇਜ਼ ਜਾਮ ਕਰ ਰਹੇ ਸਨ

ਅਤੇ ਦੇਸ਼ ਭਰ ਵਿਚ ਸਰਕਾਰੀ ਭਵਨਾਂ ਦੇ ਸਾਹਮਣੇ ਖਾਦ ਅਤੇ ਕੂੜਾ ਸੁੱਟ ਰਹੇ ਹਨ। ਕਿਸਾਨ ਅਪਣੇ ਪੇਸ਼ੇ ਦੇ ਮਹੱਤਵ ਨੂੰ ਮਾਨਤਾ ਦੇਣ ਦੀ ਮੰਗ ਕਰ ਰਹੇ ਹਨ ਅਤੇ ਸਰਕਾਰ ਦੀ ਖੇਤੀ ਨੀਤੀਆਂ ਨੂੰ ਵਿਆਪਕ ਤੌਰ ’ਤੇ ਨਿੰਦ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਉਨ੍ਹਾਂ ਨੂੰ ਮੁਕਾਬਲੇ ਦੇ ਅਯੋਗ ਬਣਾਉਂਦੀਆਂ ਹਨ।