ਓਨਟਾਰੀਓ ਦੇ 4 ਪ੍ਰਮੁੱਖ ਸਕੂਲ ਬੋਰਡਾਂ ਨੇ ਕੁਝ ਸਭ ਤੋਂ ਵੱਡੀਆਂ ਸੋਸ਼ਲ ਮੀਡੀਆ ਕੰਪਨੀਆਂ ਖ਼ਿਲਾਫ਼ ਅਦਾਲਤ ਵਿੱਚ ਕੇਸ ਦਾਇਰ ਕੀਤਾ ਹੈ। ਸਕੂਲ ਬੋਰਡਾਂ ਦਾ ਦੋਸ਼ ਹੈ ਕਿ ਇਹਨਾਂ ਕੰਪਨੀਆਂ ਦੇ ਉਤਪਾਦਾਂ ਨੇ ਬੱਚਿਆਂ ਦੇ ਸੋਚਣ, ਵਿਚਰਨ ਅਤੇ ਸਿੱਖਣ ਦੇ ਤਰੀਕੇ ਨੂੰ ਨਕਾਰਾਤਮਕ ਤੌਰ ‘ਤੇ ਬਦਲਿਆ ਹੈ ਅਤੇ ਸਕੂਲਾਂ ਦੇ ਕੰਮ ਕਰਨ ਦੇ ਤਰੀਕੇ ਨੂੰ ਵਿਗਾੜਿਆ ਹੈ। ਟੋਰੌਂਟੋ, ਪੀਲ, ਔਟਵਾ-ਕਾਰਲਟਨ ਅਤੇ ਟੋਰੌਂਟੋ ਦੇ ਕੈਥਲਿਕ ਸਕੂਲ ਬੋਰਡ ਨੇ ਫ਼ੇਸਬੁਕ ਅਤੇ ਇੰਸਟਾਗ੍ਰਾਮ ਦੀ ਮਾਲਕ ਕੰਪਨੀ ਮੈਟਾ ਪਲੈਟਫ਼ਾਰਮਜ਼ ਇੰਕ,ਸਨੈਪਚੈਟ ਦੀ ਸਨੈਪ ਇੰਕ ਅਤੇ ਟਿਕਟੌਕ ਦੀ ਮਾਲਕ ਕੰਪਨੀ ਬਾਈਟਡਾਂਸ ਲਿਮਿਟੇਡ ਕੋਲੋਂ 4.5 ਬਿਲੀਅਨ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ।
ਟੋਰੌਂਟੋ ਡਿਸਟ੍ਰਿਕਟ ਸਕੂਲ ਬੋਲਡ ਦੀ ਚੇਅਰ, ਰੇਚਲ ਚਰਨੌਸ ਲਿਨ ਨੇ ਸੀਬੀਸੀ ਰੇਡੀਓ ਨਾਲ ਗੱਲ ਕਰਦਿਆਂ ਕਿਹਾ, “ਇਹਨਾਂ ਸੋਸ਼ਲ ਮੀਡੀਆ ਕੰਪਨੀਆਂ ਨੇ ਜਾਣ ਬੁੱਝ ਕੇ ਅਜਿਹਾ ਪ੍ਰੋਡਕਟ ਬਣਾਇਆ ਜਿਸਦੀ ਲਤ ਲੱਗ ਜਾਂਦੀ ਹੈ ਅਤੇ ਉਸ ਪ੍ਰੋਡਕਟ ਨੂੰ ਬੱਚਿਆਂ ਦਰਮਿਆਨ ਲਿਆਂਦਾ”।”ਸਾਨੂੰ ਉਹਨਾਂ ਨੂੰ ਜਵਾਬਦੇਹ ਠਹਿਰਾਉਣ ਦੀ ਲੋੜ ਹੈ ਅਤੇ ਸਾਨੂੰ ਉਹਨਾਂ ਨੂੰ ਸੁਰੱਖਿਅਤ ਉਤਪਾਦ ਬਣਾਉਣ ਲਈ ਆਖਣ ਦੀ ਲੋੜ ਹੈ”।