ਔਟਵਾ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀਆਂ ਮੁਸ਼ਕਲਾਂ ਹੋਰ ਵਾਧਾ ਕਰਦਿਆਂ ਚਾਰ ਮੰਤਰੀਆਂ ਨੇ ਮੁੜ ਚੋਣਾਂ ਨਾ ਲੜਨ ਦਾ ਮਨ ਬਣਾ ਲਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਮੰਤਰੀਆਂ ਵੱਲੋਂ ਲਏ ਫੈਸਲੇ ਸਦਕਾ ਕੈਨੇਡਾ ਦੇ ਪ੍ਰਧਾਨ ਮੰਤਰੀ ਆਪਣੇ ਮੰਤਰੀ ਮੰਡਲ ਵਿਚ ਰੱਦੋ ਬਦਲ ਕਰਨ ਲਈ ਮਜਬੂਰ ਹੋ ਜਾਣਗੇ ਅਤੇ ਚੋਣਾਂ ਮੌਕੇ ਨਵੇਂ ਉਮੀਦਵਾਰਾਂ ਦੀ ਭਾਲ ਵੀ ਕਰਨੀ ਹੋਵੇਗੀ। ਦੋ ਜ਼ਿਮਨੀ ਚੋਣਾਂ ਵਿਚ ਹੋਈ ਹਾਰ ਅਤੇ 30 ਐਮ.ਪੀਜ਼ ਵੱਲੋਂ ਬਗਾਵਤ ਦੀਆਂ ਕਨਸੋਆਂ ਦਰਮਿਆਨ ਤਾਜ਼ਾ ਘਟਨਾਕ੍ਰਮ ਲਿਬਰਲ ਪਾਰਟੀ ਲਈ ਨਵੀਆਂ ਚੁਣੌਤੀਆਂ ਪੈਦਾ ਕਰ ਰਿਹਾ ਹੈ। ਦੱਖਣੀ ਉਨਟਾਰੀਓ ਲਈ ਆਰਥਿਕ ਵਿਕਾਸ ਮੰਤਰੀ ਫਿਲੋਮਿਨਾ ਟੈਸੀ ਅਤੇ ਨੌਰਦਨ ਅਫੇਅਰਜ਼ ਮਨਿਸਟਰ ਡੈਨ ਵੈਂਡਲ ਨੇ ਸਾਫ਼ ਤੌਰ ’ਤੇ ਪ੍ਰਧਾਨ ਮੰਤਰੀ ਨੂੰ ਦੱਸ ਦਿਤਾ ਕਿ ਉਹ ਮੁੜ ਚੋਣ ਨਹੀਂ ਲੜਨਗੇ। ਦੋਵੇਂ ਐਮ.ਪੀ. ਪਹਿਲੀ ਵਾਰ 2015 ਵਿਚ ਚੁਣੇ ਗਏ ਸਨ ਅਤੇ ਵੈਂਡਲ ਨੂੰ 2019 ਵਿਚ ਉਤਰੀ ਮਾਮਲਿਆਂ ਬਾਰੇ ਮੰਤਰੀ ਨਾਮਜ਼ਦ ਕੀਤਾ ਗਿਆ।
ਮੰਤਰੀ ਮੰਡਲ ਵਿਚ ਕਰਨੀ ਹੋਵੇਗੀ ਰੱਦੋਬਦਲ
ਦੂਜੇ ਪਾਸੇ ਫਿਲੋਮਿਨਾ ਟੈਸੀ 2018 ਤੋਂ ਟਰੂਡੋ ਮੰਤਰੀ ਮੰਡਲ ਵਿਚ ਕਈ ਮਹਿਕਮੇ ਸੰਭਾਲ ਚੁੱਕੀ ਹੈ। ਇਨ੍ਹਾਂ ਦੋ ਮੰਤਰੀਆਂ ਤੋਂ ਇਲਾਵਾ ਨੈਸ਼ਨਲ ਰੈਵੇਨਿਊ ਮਨਿਸਟਰ ਮੈਰੀ ਕਲੌਡ ਬੀਬੋ ਅਤੇ ਖੇਡ ਮੰਤਰੀ ਕਾਰਲਾ ਕੁਆਲਟਰੋ ਨੇ ਵੀ ਸੰਭਾਵਤ ਤੌਰ ’ਤੇ ਸਿਆਸਤ ਤੋਂ ਸੰਨਿਆਸ ਲੈਣ ਦਾ ਮਨ ਬਣਾ ਲਿਆ ਹੈ। ਇਹ ਦੋਵੇਂ 2015 ਤੋਂ ਮੰਤਰੀ ਮੰਡਲ ਵਿਚ ਸ਼ਾਮਲ ਹਨ ਅਤੇ ਸੂਤਰਾਂ ਮੁਤਾਬਕ ਮੁੜ ਚੋਣ ਨਹੀਂ ਲੜਨਗੀਆਂ। ਇਥੇ ਦਸਣਾ ਬਣਦਾ ਹੈ ਕਿ ਕਾਰਲਾ ਨੇ ਪਿਛਲੇ ਦਿਨੀਂ ਆਖਿਆ ਸੀ ਕਿ ਉਹ ਮੁੜ ਚੋਣ ਲੜਨ ਦੀ ਯੋਜਨਾ ਬਣਾ ਰਹੇ ਹਨ ਪਰ ਕੁਝ ਸਮੇਂ ਵਿਚ ਉਨ੍ਹਾਂ ਦਾ ਮਨ ਬਦਲ ਗਿਆ ਮਹਿਸੂਸ ਹੁੰਦਾ ਹੈ। ਸੂਤਰਾਂ ਨੇ ਇਹ ਵੀ ਦੱਸਿਆ ਕਿ ਕਈ ਹਫ਼ਤੇ ਪਹਿਲਾਂ ਹੀ ਚਾਰੇ ਮੰਤਰੀਆਂ ਵੱਲੋਂ ਸਿਆਸਤ ਛੱਡਣ ਦੇ ਸੰਕੇਤ ਦੇ ਦਿਤੇ ਗਏ ਸਨ। ਫਿਲੋਮੀਨਾ ਟੈਸੀ ਦੇ ਪਤੀ ਨੂੰ ਦੋ ਵਾਰ ਦਿਲ ਦਾ ਦੌਰਾ ਪੈਣ ਮਗਰੋਂ 2022 ਵਿਚ ਫਿਲੋਮੀਨਾ ਦੀ ਗੁਜ਼ਾਰਿਸ਼ ’ਤੇ ਦੱਖਣੀ ਉਨਟਾਰੀਓ ਨਾਲ ਸਬੰਧਤ ਮੰਤਰੀ ਬਣਾ ਦਿਤਾ ਗਿਆ ਤਾਂਕਿ ਉਹ ਆਪਣੇ ਘਰ ਨੇੜੇ ਵੱਧ ਤੋਂ ਵੱਧ ਸਮਾਂ ਗੁਜ਼ਾਰ ਸਕਣ। ਫਿਲੋਮੀਨਾ ਨੇ ਕਿਹਾ ਕਿ ਉਨ੍ਹਾਂ ਨੂੰ ਜਸਟਿਨ ਟਰੂਡੋ ਦੀ ਲੀਡਰਸ਼ਿਪ ’ਤੇ ਪੂਰਾ ਯਕੀਨ ਪਰ ਘਰੇਲੂ ਸਮੱਸਿਆਵਾਂ ਕਾਰਨ ਉਹ ਸਿਆਸਤ ਤੋਂ ਦੂਰ ਹੋ ਰਹੇ ਹਨ। ਚੇਤੇ ਰਹੇ ਕਿ ਇਸ ਤੋਂ ਪਹਿਲਾਂ ਸ਼ੇਮਸ ਓ ਰੀਗਨ ਅਤੇ ਪਾਬਲੋ ਰੌਡਰੀਗੇਜ਼ ਵੀ ਮੰਤਰੀ ਮੰਡਲ ਛੱਡ ਚੁੱਕੇ ਹਨ ਜਦਕਿ ਕੈਰੋਲਿਨ ਬੈਨੇਟ, ਡੇਵਿਡ ਲਾਮੇਟੀ ਅਤੇ ਮਾਰਕੋ ਗਾਰਨੋ ਸਣੇ ਲਿਬਰਲ ਐਮ.ਪੀ. ਟਰੂਡੋ ਤੋਂ ਦੂਰ ਹੋ ਚੁੱਕੇ ਹਨ। ਮੰਤਰੀ ਮੰਡਲ ਵਿਚੋਂ ਵਿਦਾਇਗੀ ਦੇ ਚਲਦਿਆਂ ਟਰੂਡੋ ਨੂੰ ਨਵੇਂ ਚਿਹਰੇ ਲਿਆਉਣੇ ਹੋਣਗੇ ਅਤੇ ਮਹਿਕਮਿਆਂ ਦੀ ਵੰਡ ਵੀ ਕੋਈ ਸੁਖਾਲਾ ਕੰਮ ਨਹੀਂ ਹੋਵੇਗਾ।