ਵਾਸ਼ਿੰਗਟਨ: ਅਮਰੀਕੀ ਫੌਜ ਦੇ ਸੀ-130 ਟਰਾਂਸਪੋਰਟ ਜਹਾਜ਼ਾਂ ਨੇ ਸਨਿਚਰਵਾਰ ਨੂੰ ਗਾਜ਼ਾ ’ਚ ਲਗਭਗ 38,000 ਭੋਜਨ ਪੈਕੇਜ ਸੁੱਟੇ। ਅਮਰੀਕੀ ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ । ਅਮਰੀਕੀ ਅਧਿਕਾਰੀਆਂ ਨੇ ਦਸਿਆ ਕਿ ਏਅਰ ਫੋਰਸ ਸੈਂਟਰਲ ਕਮਾਂਡ ਦੇ ਤਿੰਨ ਜਹਾਜ਼ਾਂ ਨੇ ਸਵੇਰੇ 8:30 ਵਜੇ ਗਾਜ਼ਾ ’ਚ ਭੋਜਨ ਦੇ ਲਗਭਗ 38,000 ਪੈਕੇਟਾਂ ਨਾਲ ਭਰੇ 66 ਬੰਡਲ ਸੁੱਟੇ।
ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਹਵਾਈ ਰਸਤੇ ਜ਼ਰੀਏ ਸ਼ੁਕਰਵਾਰ ਨੂੰ ਗਾਜ਼ਾ ਨੂੰ ਮਨੁੱਖੀ ਸਹਾਇਤਾ ਦੇਣ ਦਾ ਐਲਾਨ ਕੀਤਾ। ਇਹ ਗਾਜ਼ਾ ਨੂੰ ਦਿਤੀ ਜਾਣ ਵਾਲੀ ਮਨੁੱਖੀ ਸਹਾਇਤਾ ਦੀ ਪਹਿਲੀ ਕਿਸ਼ਤ ਹੈ। ਇਹ ਮਨੁੱਖੀ ਸਹਾਇਤਾ ਜਾਰਡਨ ਦੇ ਸਹਿਯੋਗ ਨਾਲ ਪਹੁੰਚਾਈ ਜਾ ਰਹੀ ਹੈ।
ਵੀਰਵਾਰ ਨੂੰ ਗਾਜ਼ਾ ਵਿਚ ਮਨੁੱਖੀ ਸਹਾਇਤਾ ਕਾਫਲੇ ਤੋਂ ਭੋਜਨ ਲੈਣ ਦੀ ਕੋਸ਼ਿਸ਼ ਕਰ ਰਹੇ ਫਲਸਤੀਨੀਆਂ ਦੀ ਭੀੜ ’ਤੇ ਇਜ਼ਰਾਇਲੀ ਫੌਜੀਆਂ ਨੇ ਗੋਲੀਬਾਰੀ ਕੀਤੀ ਸੀ, ਜਿਸ ਵਿਚ ਘੱਟੋ ਘੱਟ 115 ਲੋਕਾਂ ਦੀ ਮੌਤ ਹੋ ਗਈ ਸੀ ਅਤੇ 700 ਤੋਂ ਵੱਧ ਜ਼ਖਮੀ ਹੋ ਗਏ ਸਨ।
ਵ੍ਹਾਈਟ ਹਾਊਸ ਦੇ ਕੌਮੀ ਸੁਰੱਖਿਆ ਬੁਲਾਰੇ ਜੌਨ ਕਿਰਬੀ ਨੇ ਸ਼ੁਕਰਵਾਰ ਨੂੰ ਕਿਹਾ ਕਿ ਜ਼ਮੀਨੀ ਪੱਧਰ ’ਤੇ ਮੌਜੂਦ ਲੋਕਾਂ ਨੂੰ ਸੁਰੱਖਿਅਤ ਐਮਰਜੈਂਸੀ ਮਨੁੱਖੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਹਵਾਈ ਹਮਲੇ ਦੀ ਯੋਜਨਾ ਬਣਾਈ ਜਾ ਰਹੀ ਹੈ।
ਸੀ-130 ਕਾਰਗੋ ਜਹਾਜ਼ ਮੁਸ਼ਕਲ ਹਾਲਾਤ ’ਚ ਉਤਰਨ ਅਤੇ ਲਿਜਾਣ ਦੀ ਸਮਰੱਥਾ ਦੇ ਕਾਰਨ ਦੂਰ-ਦੁਰਾਡੇ ਦੇ ਸਥਾਨਾਂ ’ਤੇ ਸਹਾਇਤਾ ਪਹੁੰਚਾਉਣ ਲਈ ਵਿਆਪਕ ਤੌਰ ’ਤੇ ਵਰਤਿਆ ਜਾਣ ਵਾਲਾ ਜੈੱਟ ਹੈ। ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਗਾਜ਼ਾ ਦੀ 23 ਲੱਖ ਆਬਾਦੀ ਵਿਚੋਂ ਇਕ ਚੌਥਾਈ ਲੋਕ ਭੁੱਖਮਰੀ ਦਾ ਸਾਹਮਣਾ ਕਰ ਰਹੇ ਹਨ।