ਚੰਡੀਗੜ੍ਹ : 328 ਪਾਵਨ ਸਰੂਪਾਂ ਦੇ ਮਾਮਲੇ ‘ਚ SIT ਨੂੰ ਲੈ ਕੇ ਵੱਡਾ ਫੈਸਲਾ ਲਿਆ ਗਿਆ ਹੈ। ਇਸ ਮਾਮਲੇ ਵਿੱਚ ਪੁਰਾਣੀ SIT ਨੂੰ ਭੰਗ ਕਰ ਦਿੱਤਾ ਗਿਆ ਹੈ ਅਤੇ ਜਾਂਚ ਲਈ ਨਵੇਂ ਸਿਰੇ ਤੋਂ 6 ਮੈਂਬਰੀ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਵਿੱਤਰ ਸਰੂਪਾਂ ਨਾਲ ਸਬੰਧਤ ਮਾਮਲਿਆਂ ਦੀ ਜਾਂਚ ਨੂੰ ਤੇਜ਼ ਕਰਨ ਲਈ ਜਾਂਚ ਬਿਊਰੋ ਨੇ 7 ਦਸੰਬਰ 2025 ਨੂੰ ਪੁਲਿਸ ਸਟੇਸ਼ਨ ‘ਸੀ’ ਡਿਵੀਜ਼ਨ, ਅੰਮ੍ਰਿਤਸਰ ਵਿਖੇ ਦਰਜ ਐਫਆਈਆਰ ਨੰਬਰ 168 ਦੀ ਜਾਂਚ ਲਈ ਇੱਕ ਨਵੀਂ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਗਠਨ ਕੀਤਾ ਹੈ। ਇਹ ਮਾਮਲਾ ਭਾਰਤੀ ਦੰਡ ਸੰਹਿਤਾ ਦੀਆਂ ਧਾਰਾਵਾਂ 295, 295-ਏ, 409, 465 ਅਤੇ 120-ਬੀ ਅਧੀਨ ਹੈ।
ਦੱਸ ਦਈਏ ਕਿ ਪਹਿਲਾਂ ਦੇ ਤਿੰਨ ਹੁਕਮਾਂ ਨੂੰ ਰੱਦ ਕਰਦੇ ਹੋਏ ਜਾਰੀ ਕੀਤੇ ਗਏ ਹੁਕਮਾਂ ਵਿੱਚ ਇੱਕ ਨਵੀਂ ਟੀਮ ਬਣਾਈ ਗਈ ਹੈ, ਜਿਸਦੀ ਨਿਗਰਾਨੀ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਆਈਪੀਐਸ ਕਰਨਗੇ। ਡੀਆਈਜੀ ਨਾਨਕ ਸਿੰਘ ਆਈਪੀਐਸ ਨੂੰ ਐਸਆਈਟੀ ਦਾ ਚੇਅਰਮੈਨ ਬਣਾਇਆ ਗਿਆ ਹੈ। ਐਸਐਸਪੀ ਖੰਨਾ ਦਰਪਨ ਆਹਲੂਵਾਲੀਆ ਆਈਪੀਐਸ, ਐਸਪੀ ਡਿਟੈਕਟਿਵ ਪਟਿਆਲਾ ਗੁਰਬੰਸ ਸਿੰਘ ਬੈਂਸ ਪੀਪੀਐਸ, ਐਸਪੀ ਸਪੈਸ਼ਲ ਬ੍ਰਾਂਚ ਮੋਹਾਲੀ ਸੁਖਨਾਜ਼ ਸਿੰਘ ਪੀਪੀਐਸ, ਏਸੀਪੀ ਅੰਮ੍ਰਿਤਸਰ ਹਰਮਿੰਦਰ ਸਿੰਘ ਪੀਪੀਐਸ ਅਤੇ ਐਸਐਚਓ ਸੀ-ਡਿਵੀਜ਼ਨ ਸਬ-ਇੰਸਪੈਕਟਰ ਰਾਜਵੰਤ ਕੌਰ ਨੂੰ ਟੀਮ ਦੇ ਮੈਂਬਰ ਬਣਾਇਆ ਗਿਆ ਹੈ।
ਇਸਦੇ ਇਲਾਵਾ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਵਿਸ਼ੇਸ਼ ਜਾਂਚ ਟੀਮ (SIT) ਨੂੰ ਨਿਰਪੱਖ, ਵਿਗਿਆਨਕ ਅਤੇ ਤੇਜ਼ ਜਾਂਚ ਨੂੰ ਯਕੀਨੀ ਬਣਾਉਣ ਲਈ ਹਰ ਤਰ੍ਹਾਂ ਦੀ ਲੌਜਿਸਟਿਕਲ ਅਤੇ ਪ੍ਰਸ਼ਾਸਕੀ ਸਹਾਇਤਾ ਪ੍ਰਦਾਨ ਕਰਨਗੇ। ਜੇਕਰ ਲੋੜ ਪਈ ਤਾਂ SIT ਟੀਮ ਵਿੱਚ ਹੋਰ ਅਧਿਕਾਰੀ ਵੀ ਸ਼ਾਮਲ ਕੀਤੇ ਜਾ ਸਕਦੇ ਹਨ।
