ਓਟਵਾ, 24 ਨਵੰਬਰ : ਫੈਡਰਲ ਸਰਕਾਰ ਵੱਲੋਂ 30 ਨਵੰਬਰ ਨੂੰ ਅਰਥਚਾਰੇ ਦੀ ਸਥਿਤੀ ਨਾਲ ਸਬੰਧਤ ਬਿਆਨ ਜਾਰੀ ਕੀਤਾ ਜਾਵੇਗਾ| ਕੋਵਿਡ-19 ਮਹਾਂਮਾਰੀ ਦੌਰਾਨ ਫੈਡਰਲ ਸਰਕਾਰ ਦੀ ਕੀ ਸਥਿਤੀ ਹੈ ਇਸ ਦੀ ਸੋਧੀ ਹੋਈ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ|
ਸੋਮਵਾਰ ਨੁੰ ਡਿਪਟੀ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਐਲਾਨ ਕੀਤਾ ਕਿ ਅਗਲੇ ਸੋਮਵਾਰ ਪਾਰਲੀਆਮੈਂਟੇਰੀਅਨਜ਼ ਤੇ ਕੈਨੇਡੀਅਨਾਂ ਨੂੰ ਕੈਨੇਡਾ ਦੇ ਖਰਚਿਆਂ ਤੇ ਘਾਟੇ ਬਾਰੇ ਸਾਰੀ ਤਸਵੀਰ ਤੋਂ ਜਾਣੂ ਕਰਵਾਇਆ ਜਾਵੇਗਾ| ਹਾਊਸ ਆਫ ਕਾਮਨਜ਼ ਵਿੱਚ ਗੱਲ ਕਰਦਿਆਂ ਫਰੀਲੈਂਡ ਨੇ ਆਖਿਆ ਕਿ ਅਸੀਂ ਇਸ ਮਹਾਂਮਾਰੀ ਵਿੱਚ ਮਜ਼ਬੂਤ ਵਿੱਤੀ ਸਥਿਤੀ ਨਾਲ ਦਾਖਲ ਹੋਏ ਸਾਂ ਤੇ ਇਸੇ ਕਾਰਨ ਹੀ ਮਹਾਂਮਾਰੀ ਦੌਰਾਨ ਅਸੀਂ ਕੈਨੇਡੀਅਨਾਂ ਨੂੰ ਵਿੱਤੋਂ ਬਾਹਰ ਹੋ ਕੇ ਮਦਦ ਕਰਨ ਵਿੱਚ ਸਮਰੱਥ ਹੋ ਸਕੇ| ਉਨ੍ਹਾਂ ਆਖਿਆ ਕਿ ਸਾਡੀ ਯੋਜਨਾ ਇਸ ਮਹਾਂਮਾਰੀ ਵਿੱਚ ਅਜੇ ਕੈਨੇਡੀਅਨਾਂ ਦੀ ਹੋਰ ਮਦਦ ਕਰਨ ਦੀ ਹੈ ਤੇ ਅਸੀਂ ਇਹ ਵੀ ਯਕੀਨੀ ਬਣਾਵਾਂਗੇ ਕਿ ਕੋਵਿਡ-19 ਤੋਂ ਬਾਅਦ ਅਰਥਚਾਰਾ ਤੇਜ਼ੀ ਨਾਲ ਵਧੇ ਫੁੱਲੇ ਤੇ ਪੱਕੇ ਪੈਰੀਂ ਅੱਗੇ ਵਧੇ|
ਸਰਕਾਰ ਵੱਲੋਂ ਪਹਿਲਾਂ ਇਹ ਬਿਆਨ ਸਤੰਬਰ ਵਿੱਚ ਰਾਜ ਭਾਸ਼ਣ ਦੇ ਨਾਲ ਦੇਣ ਦਾ ਵਾਅਦਾ ਕੀਤਾ ਗਿਆ ਸੀ| ਇਸ ਬਿਆਨ ਵਿੱਚ ਕੋਵਿਡ-19 ਦੌਰਾਨ ਕੈਨੇਡੀਅਨਾਂ ਦੀ ਕੀਤੀ ਗਈ ਮਦਦ ਦਾ ਲੇਖਾ ਜੋਖਾ ਹੋਵੇਗਾ| ਇਸ ਖਰਚੇ ਨੂੰ ਜੰਗ ਦੌਰਾਨ ਹੋਣ ਵਾਲੇ ਖਰਚੇ ਦੇ ਬਰਾਬਰ ਦੱਸਿਆ ਜਾ ਰਿਹਾ ਹੈ| ਦੇਸ਼ ਵਿੱਚ ਸੈਕਿੰਡ ਵੇਵ ਆ ਜਾਣ ਤੇ ਦੁਬਾਰਾ ਤੋਂ ਲੱਗ ਰਹੇ ਲਾਕਡਾਊਨ ਕਾਰਨ ਇਸ ਖਰਚੇ ਵਿੱਚ ਵਾਧਾ ਹੋਣ ਦੀ ਸੰਭਾਵਨਾ ਵੀ ਪ੍ਰਗਟਾਈ ਗਈ ਹੈ| ਇਹ ਵੇਖਣ ਵਾਲੀ ਗੱਲ ਹੋਵੇਗੀ ਕਿ ਇਸ ਬਿਆਨ ਨੂੰ ਕਿੰਨੀ ਤਫਸੀਲ ਨਾਲ ਤਿਆਰ ਕੀਤਾ ਗਿਆ ਹੈ ਪਰ ਇਹ ਪੂਰਾ ਬਜਟ ਨਹੀਂ ਹੋਵੇਗਾ|