ਵਿੰਨੀਪੈਗ : ਕੈਨੇਡਾ ਵਿਚ ਤਿੰਨ ਬੱਚਿਆਂ ਨੂੰ ਅੱਗ ਲਾ ਕੇ ਸਾੜਨ ਅਤੇ ਦੋ ਔਰਤਾਂ ਦੀ ਕਥਿਤ ਹੱਤਿਆ ਦਾ ਹੌਲਨਾਕ ਮਾਮਲਾ ਸਾਹਮਣੇ ਆਇਆ ਹੈ। ਵਿੰਨੀਪੈਗ ਤੋਂ 75 ਕਿਲੋਮੀਟਰ ਦੂਰ ਕਾਰਮਨ ਕਸਬੇ ਵਿਚ ਤਿੰਨ ਵੱਖ ਵੱਖ ਵਾਰਦਾਤਾਂ ਦੌਰਾਨ ਇਹ ਸਭ ਵਾਪਰਿਆ ਅਤੇ ਮੈਨੀਟੋਬਾ ਆਰ.ਸੀ.ਐਮ.ਪੀ. ਨੇ 29 ਸਾਲ ਦੇ ਇਕ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਰਨ ਵਾਲਿਆਂ ਵਿਚੋਂ ਕਿਸੇ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਅਤੇ ਨਾ ਹੀ ਸ਼ੱਕੀ ਬਾਰੇ ਕੋਈ ਜਾਣਕਾਰੀ ਦਿਤੀ ਗਈ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇੰਸਪੈਕਟਰ ਟਿਮ ਆਰਸਨੋ ਕਿਹਾ ਕਿ ਇਸ ਤਰਾਸਦੀ ਨਾਲ ਸਬੰਧਤ ਕਈ ਸਵਾਲਾਂ ਦੇ ਜਵਾਬ ਤਲਾਸ਼ ਕਰਨੇ ਹਾਲੇ ਬਾਕੀ ਹਨ। ਜਾਂਚਕਰਤਾਵਾਂ ਦੀਆਂ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਹਨ ਅਤੇ ਤਿੰਨੋ ਵਾਰਦਾਤਾਂ ਦੇ ਕਾਰਨ ਪਤਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਪੁਲਿਸ ਦਾ ਮੰਨਣਾ ਹੈ ਕਿ ਸ਼ੱਕੀ ਸਭਨਾਂ ਨੂੰ ਜਾਣਦਾ ਸੀ ਅਤੇ ਸੋਮਵਾਰ ਬਾਅਦ ਦੁਪਹਿਰ ਇਕ ਹੋਰ ਪ੍ਰੈਸ ਕਾਨਫਰੰਸ ਦੌਰਾਨ ਹੋਰ ਜਾਣਕਾਰੀ ਸਾਂਝੀ ਕੀਤੀ ਜਾਵੇਗੀ।
ਤਿੰਨ ਬੱਚੇ ਇਕ ਸੜਦੀ ਹੋਈ ਕਾਰ ਵਿਚ ਸਨ ਅਤੇ ਪੁਲਿਸ ਦੇ ਪੁੱਜਣ ਤੋਂ ਉਥੋਂ ਲੰਘ ਰਹੇ ਇਕ ਸ਼ਖਸ ਨੂੰ ਉਨ੍ਹਾਂ ਨੂੰ ਬਾਹਰ ਕੱਢ ਕੇ ਬਚਾਉਣ ਦਾ ਯਤਨ ਕੀਤਾ ਪਰ ਸਫਲ ਨਾ ਹੋ ਸਕਿਆ। ਉਸ ਨੇ ਦੱਸਿਆ ਕਿ ਉਹ ਆਪਣੀ ਬੇਟੀ ਨਾਲ ਕਿਤੇ ਜਾ ਰਿਹਾ ਸੀ ਜਦੋਂ ਹਾਈਵੇਅ ਦੇ ਇਕ ਪਾਸੇ ਗੱਡੀ ਖੜ੍ਹੀ ਨਜ਼ਰ ਆਈ। ਉਸ ਵੇਲੇ ਗੱਡੀ ਨੂੰ ਅੱਗ ਨਹੀਂ ਸੀ ਲੱਗੀ ਹੋਈ ਪਰ ਜਦੋਂ ਉਹ ਪਰਤਿਆ ਤਾਂ ਅੱਗ ਦੀਆਂ ਲਾਟਾਂ ਉਠ ਰਹੀਆਂ ਸਨ।