ਮੁੰਬਈ, 28 ਜਨਵਰੀ

ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਸੰਗੀਤ ਦੀ ਦੁਨੀਆ ’ਚ ਨਾਮਣਾ ਖੱਟਣ ਵਾਲੇ ਗਾਇਕ ਦਲੇਰ ਮਹਿੰਦੀ ਨੇ ਕਿਹਾ ਕਿ ਉਨ੍ਹਾਂ ਇਸ ਇੰਡਸਟਰੀ ਦੀ ਪ੍ਰਸਿੱਧੀ ਦੇ ਅਨੇਕਾਂ ਰੰਗ ਦੇਖੇ ਹਨ। ਦਲੇਰ ਮਹਿੰਦੀ ਨੇ ਆਈਏਐੱਨਐੱਸ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਕਈ ਸਾਲਾਂ ਤੋਂ ਮੈਂ ਇੰਡਸਟਰੀ ਨੂੰ ਪਾਗਲ ਹੁੰਦੇ ਦੇਖਿਆ। ਉਹ ਕਈ ਤਰ੍ਹਾਂ ਦੇ ਗਾਣੇ ਅਤੇ ਰੀਮਿਕਸ ਬਣਾ ਕੇ ਕੁਝ ਵੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਗਾਇਕਾ ਲਤਾ ਮੰਗੇਸ਼ਕਰ, ਸ਼੍ਰੇਆ ਘੋਸ਼ਾਲ ਅਤੇ ਸੁਨਿਧੀ ਚੌਹਾਨ ਦੀਆਂ ਆਵਾਜ਼ਾਂ ਬਹੁਤ ਹੀ ਪਿਆਰੀਆਂ ਹਨ… ਪਰ ਇਸ ਤੋਂ ਬਾਅਦ ਅਜਿਹੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋਈਆਂ… ਔਰਤਾਂ ਮਰਦਾਂ ਦੀ ਆਵਾਜ਼ ਅਤੇ ਮਰਦ ਔਰਤਾਂ ਦੀ ਆਵਾਜ਼ ’ਚ ਗਾ ਰਹੇ ਹਨ… ਗਾਣੇ ਦਾ ਕੋਈ ਸਿਰ-ਪੈਰ ਨਹੀਂ।…ਇਹੀ ਸੱਚ ਹੈ।’’

ਹਾਲਾਂਕਿ ਆਪਣੇ ਨਵੇਂ ਗੀਤ ‘ਇਸ਼ਕ ਨਚਾਵੇ’ ਨਾਲ ਹਾਜ਼ਰੀ ਲਵਾਉਣ ਵਾਲੇ ਗਾਇਕ ਨੇ ਕਿਹਾ ਕਿ ਹੁਣ ਸੰਗੀਤ ਫਿਰ ਬਦਲ ਰਿਹਾ ਹੈ। ਉਨ੍ਹਾਂ ਕਿਹਾ, ‘‘ਹੁਣ ਸੰਗੀਤ ਫਿਰ ਬਦਲਣਾ ਸ਼ੁਰੂ ਹੋ ਗਿਆ ਹੈ ਅਤੇ ਇਹ ਚੰਗਾ ਹੈ। ਬੱਚੇ, ਜੋ ਸ਼ੋਅ ਵਿੱਚ ਗਾਉਂਦੇ ਹਨ, ਬਹੁਤ ਹੀ ਵਧੀਆ ਹਨ ਅਤੇ ਉਨ੍ਹਾਂ ਸਾਹਮਣੇ ਬੈਠਣ ਵਾਲੇ ਜੱਜਾਂ ਨੂੰ ਦੇਖ ਕੇ ਲੱਗਦਾ ਕਿ ਉਨ੍ਹਾਂ ਨੂੰ ਕੁਝ ਸਮਝ ਨਹੀਂ ਆਉਂਦਾ। ਪ੍ਰਤੀਯੋਗੀ ਉਨ੍ਹਾਂ ਤੋਂ ਹਜ਼ਾਰ ਗੁਣਾ ਵਧੀਆ ਹਨ। ਸੰਗੀਤ ਹੁਣ ਬਿਹਤਰ ਹੈ। ਨਵੀਂ ਪੀੜ੍ਹੀ ਬਹੁਤ ਚੰਗੀ ਹੈ।’’