ਇਸਲਾਮਾਬਾਦ- ਦੱਖਣੀ ਅਫਗਾਨਿਸਤਾਨ ’ਚ ਇੱਕ ਦਰਦਨਾਕ ਸੜਕ ਹਾਦਸੇ ’ਚ 21 ਲੋਕਾਂ ਦੀ ਮੌਤ ਹੋ ਗਈ ਅਤੇ 38 ਹੋਰ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਸੂਬਾਈ ਟਰਾਂਸਪੋਰਟ ਵਿਭਾਗ ਸਾਂਝੀ ਕੀਤੀ। ਹੇਲਮੰਡ’ਚ ਵਿਭਾਗ ਦੇ ਇਕ ਬਿਆਨ ’ਚ ਦੱਸਿਆ ਗਿਆ ਹੈ ਕਿ ਇਹ ਹਾਦਸਾ ਦੱਖਣੀ ਕੰਧਾਰ ਅਤੇ ਪੱਛਮੀ ਹੇਰਾਤ ਸੂਬਿਆਂ ਦੇ ਵਿਚਕਾਰ ਮੁੱਖ ਮਾਰਗ ’ਤੇ ਹੇਲਮੰਡ ਸੂਬੇ ਦੇ ਗੇਰਾਸ਼ਕ ਜ਼ਿਲ੍ਹੇ ’ਚ ਐਤਵਾਰ ਸਵੇਰੇ ਵਾਪਰਿਆ। ਹੇਲਮੰਡ ’ਚ ਇੱਕ ਟ੍ਰੈਫਿਕ ਅਧਿਕਾਰੀ ਕਾਦਰਤੁੱਲਾ ਨੇ ਦੱਸਿਆ ਕਿ ਇੱਕ ਮੋਟਰਸਾਈਕਲ ਸਵਾਰ ਨੇ ਆਪਣੇ ਵਾਹਨ ਦੇ ਨਾਲ ਇੱਕ ਯਾਤਰੀ ਬੱਸ ਨਾਲ ਟੱਕਰ ਮਾਰ ਦਿੱਤੀ। ਬੱਸ ਫਿਰ ਸੜਕ ਦੇ ਉਲਟ ਪਾਸੇ ਇਕ ਤੇਲ ਟੈਂਕਰ ਨਾਲ ਟਕਰਾ ਗਈ। ਉਨ੍ਹਾਂ ਕਿਹਾ ਕਿ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।
ਹੇਲਮੰਡ ਪੁਲਿਸ ਮੁਖੀ ਦੇ ਬੁਲਾਰੇ ਇਜ਼ਾਤੁੱਲਾ ਹੱਕਾਨੀ ਨੇ ਦੱਸਿਆ ਕਿ 38 ਜ਼ਖਮੀਆਂ ’ਚੋਂ 11 ਨੂੰ ਗੰਭੀਰ ਸੱਟਾਂ ਨਾਲ ਹਸਪਤਾਲਾਂ ’ਚ ਭਰਤੀ ਕਰਵਾਇਆ ਗਿਆ ਹੈ।
ਅਫਗਾਨਿਸਤਾਨ ਵਿੱਚ ਸੜਕਾਂ ਦੀ ਮਾੜੀ ਹਾਲਤ ਅਤੇ ਡਰਾਈਵਰਾਂ ਦੀ ਲਾਪਰਵਾਹੀ ਕਾਰਨ ਸੜਕ ਹਾਦਸਿਆਂ ਦੇ ਮਾਮਲੇ ਅਕਸਰ ਸਾਹਮਣੇ ਆਉਂਦੇ ਰਹਿੰਦੇ ਹਨ।