ਬਰੈਂਪਟਨ : 9 ਲੱਖ ਡਾਲਰ ਮੁੱਲ ਦੀਆਂ ਗੱਡੀਆਂ ਚੋਰੀ ਕਰਨ ਦੇ ਮਾਮਲੇ ਵਿਚ ਪੁਲਿਸ ਵੱਲੋਂ 2 ਸਾਲ ਦੇ ਤੇਜਿੰਦਰ ਢਿੱਲੋਂ ਅਤੇ 20 ਸਾਲ ਦੇ ਮੁਹੰਮਦ ਖਲਾਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਦੋਹਾਂ ਦੀ ਗ੍ਰਿਫ਼ਤਾਰੀ ਦੌਰਾਨ ਇਕ ਪਸਤੌਲ ਵੀ ਬਰਾਮਦ ਕੀਤੀ ਗਈ। ਪੁਲਿਸ ਮੁਤਾਬਕ ਹੋਟਲਾਂ ਦੀ ਪਾਰਕਿੰਗ ਵਿਚੋਂ ਗੱਡੀਆਂ ਚੋਰੀ ਹੋਣ ਦੇ ਲਗਾਤਾਰ ਸਾਹਮਣੇ ਆ ਰਹੇ ਮਾਮਲਿਆਂ ਨੂੰ ਵੇਖਦਿਆਂ ਪੜਤਾਲ ਆਰੰਭੀ ਗਈ। ਇਸੇ ਦੌਰਾਨ 27 ਅਕਤੂਬਰ ਨੂੰ ਜਾਂਚਕਰਤਾ ਕੁਈਨ ਸਟ੍ਰੀਟ ਈਸਟ ਅਤੇ ਗੇਟਵੇਅ ਡਰਾਈਵ ਵਿਖੇ ਮੌਜੂਦ ਸਨ ਜਦੋਂ ਦੋ ਸ਼ੱਕੀਆਂ ਬਾਰੇ ਪਤਾ ਲੱਗਾ।
ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰਦਿਆਂ ਇਨ੍ਹਾਂ ਦੀ ਸ਼ਨਾਖਤ ਮੌਂਟਰੀਅਲ ਦੇ ਮੁਹੰਮਦ ਖਲਾਸ ਅਤੇ ਬਰੈਂਪਟਨ ਦੇ ਤੇਜਿੰਦਰ ਢਿੱਲੋਂ ਵਜੋਂ ਕੀਤੀ ਗਈ। ਦੋਹਾਂ ਵਿਰੁੱਧ ਆਟੋਮੋਬਾਈਲ ਦੀ ਮਾਸਟਰ ਕੀਅ ਰੱਖਣ, ਗੱਡੀ ਚੋਰੀ ਅਤੇ ਹਥਿਆਰਾਂ ਨਾਲ ਸਬੰਧਤ 13 ਦੋਸ਼ ਆਇਦ ਕੀਤੇ ਗਏ ਹਨ। ਡਿਪਟੀ ਇਨਵੈਸਟੀਗੇਟਰ ਮਾਰਕ ਐਂਡਰਿਊਜ਼ ਨੇ ਕਿਹਾ ਕਿ ਉਹ ਆਪਣੇ ਸਾਥੀਆਂ ਦਾ ਧੰਨਵਾਦ ਕਰਨਾ ਚਾਹੁੰਦੇ ਹਨ ਜਿਨ੍ਹਾਂ ਦੀ ਸਮਰਪਣ ਭਾਵਨਾ ਸਦਕਾ ਗੱਡੀ ਚੋਰੀ ਦੇ ਕਈ ਮਾਮਲੇ ਸਫਲਤਾ ਨਾਲ ਸੁਲਝਾਏ ਜਾ ਸਕੇ। ਉਨ੍ਹਾਂ ਅੱਗੇ ਕਿਹਾ ਕਿ ਕਮਿਊਨਿਟੀ ਦੀ ਸੁਰੱਖਿਆ ਅਤੇ ਬਿਹਤਰੀ ਵਾਸਤੇ ਪੁਲਿਸ ਹਮੇਸ਼ ਤਤਪਰ ਰਹਿੰਦੀ ਹੈ ਅਤੇ ਅਪਰਾਧੀਆਂ ਨੂੰ ਕਾਨੂੰਨ ਅੱਗੇ ਜਵਾਬਦੇਹ ਬਣਾਇਆ ਜਾਂਦਾ ਹੈ।