ਐੱਸਏਐੱਸ ਨਗਰ (ਮੁਹਾਲੀ), 9 ਸਤੰਬਰ

ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਲਗਾਤਾਰ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਦਸੰਬਰ 1991 ਦੇ ਬਲਵੰਤ ਸਿੰਘ ਮੁਲਤਾਨੀ ਵਾਸੀ ਮੁਹਾਲੀ ਦੇ ਅਗਵਾ ਅਤੇ ਕਤਲ ਕੇਸ ਵਿੱਚ ਉਸ ਦੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚੋਂ ਅਗਾਊਂ ਜ਼ਮਾਨਤ ਰੱਦ ਹੋਣ ਤੋਂ ਦੋ ਦਿਨ ਬਾਅਦ ਹੀ ਉਸ ਖ਼ਿਲਾਫ਼ ਅਗਵਾ ਅਤੇ ਲਾਪਤਾ ਕਰਨ ਦਾ ਇਕ ਹੋਰ 26 ਸਾਲ ਪੁਰਾਣਾ ਕੇਸ ਸੀਬੀਆਈ ਦੀ ਵਿਸ਼ੇਸ਼ ਅਦਾਲਤ ਅੱਗੇ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਭਲਕੇ ਸੁਣਵਾਈ ਲਈ ਵਿਚਾਰ ਅਧੀਨ ਹੈ। ਉਸ ਕੋਲ ਸੁਪਰੀਮ ਕੋਰਟ ਜਾਣ ਜਾਂ ਸੁਣਵਾਈ ਅਦਾਲਤ ਜਾਂ ਪੁਲੀਸ ਅੱਗੇ ਆਤਮ ਸਮਰਪਣ ਕਰਨ ਦਾ ਰਾਹ ਹੈ। ਪੰਜਾਬ ਸਰਕਾਰ ਨੇ ਉਸ ਨੂੰ ਭਗੌੜਾ ਅਪਰਾਧੀ ਘੋਸ਼ਿਤ ਕਰਨ ਲਈ ਪ੍ਰਕਿਰਿਆ ਸ਼ੁਰੂ ਕਰ ਸਕਦੀ ਹੈ। ਦਿੱਲੀ ਵਿੱਚ ਸੈਣੀ ਤਿੰਨ ਹੋਰਨਾਂ ਨਾਲ ਵਾਹਨ ਕਾਰੋਬਾਰੀ ਵਿਨੋਦ ਕੁਮਾਰ, ਉਸ ਦੇ ਜੀਜਾ ਅਸ਼ੋਕ ਕੁਮਾਰ ਅਤੇ ਉਨ੍ਹਾਂ ਦੇ ਡਰਾਈਵਰ ਮੁਖਤਿਆਰ ਸਿੰਘ ਨੂੰ ਅਗਵਾ ਕਰਨ ਦੇ ਦੋਸ਼ ਵਿੱਚ ਅਪਰਾਧਿਕ ਕੇਸ ਦਾ ਸਾਹਮਣਾ ਕਰ ਰਿਹਾ ਹੈ, ਜਦਕਿ ਵਿਨੋਦ ਅਤੇ ਮੁਖਤਿਆਰ ਨੂੰ ਪੁਲੀਸ ਨੇ 15 ਮਾਰਚ 1994 ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਪਾਰਕਿੰਗ ਤੋਂ ਚੁੱਕ ਲਿਆ ਸੀ, ਅਸ਼ੋਕ ਨੂੰ ਉਸੇ ਦਿਨ ਹੀ ਕਥਿਤ ਤੌਰ ’ਤੇ ਲੁਧਿਆਣਾ ਤੋਂ ਅਗਵਾ ਕਰ ਲਿਆ ਗਿਆ ਸੀ। ਸੀਬੀਆਈ ਪਹਿਲਾਂ ਹੀ ਅਰਜ਼ੀ ਦਾਇਰ ਕਰ ਚੁੱਕੀ ਹੈ ਕਿ ਸੈਣੀ ਨੂੰ ਦਿੱਤੀ ਗਈ ਨਿੱਜੀ ਪੇਸ਼ਕਾਰੀ ਤੋਂ ਛੋਟ ਨੂੰ ਰੱਦ ਕੀਤਾ ਜਾਵੇ। ਵਿਸ਼ੇਸ਼ ਜੱਜ ਸੰਜੀਵ ਅਗਰਵਾਲ ਵੱਲੋਂ ਵੀਰਵਾਰ ਨੂੰ ਸੀਬੀਆਈ ਦੀ ਪਟੀਸ਼ਨ ’ਤ ਸੁਣਵਾਈ ਕਰਨ ਦੀ ਸੰਭਾਵਨਾ ਹੈ। ਮੁਲਤਾਨੀ ਕੇਸ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਸੈਣੀ ਦੀ ਅਗਾਊਂ ਜ਼ਮਾਨਤ ਪਟੀਸ਼ਨ ਖ਼ਾਰਜ ਹੋਣ ਤੋਂ ਬਾਅਦ ਵੀ ਸ਼ਿਕਾਇਤਕਰਤਾ ਉਸ ਦੀ ਨਿੱਜੀ ਪੇਸ਼ੀ ਮੰਗ ਸਕਦੇ ਹਨ। ਇਹ ਅਪਰਾਧਿਕ ਕੇਸ ਸੈਣੀ ਅਤੇ ਹੋਰਾਂ ਖ਼ਿਲਾਫ਼ ਸੀ ਬੀ ਆਈ ਨੇ 24 ਮਾਰਚ 1994 ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ਾਂ ’ਤੇ ਦਰਜ ਕੀਤਾ ਸੀ। ਵਿਨੋਦ ਦੀ ਮਾਂ ਅਮਰ ਕੌਰ ਦੀ ਅਪੀਲ ਉਪਰ ਕੇਸ 2004 ਵਿੱਚ ਸੁਪਰੀਮ ਕੋਰਟ ਨੇ ਦਿੱਲੀ ਤਬਦੀਲ ਕਰ ਦਿੱਤਾ ਸੀ। ਬੀਬੀ ਅਮਰ ਕੌਰ ਨੇ ਕਿਹਾ ਸੀ ਕਿ ਆਈਪੀਐਸ ਅਧਿਕਾਰੀ ਗਵਾਹਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਆਪਣੇ ਗੁਆਚੇ ਪੁੱਤਰ ਲਈ 24 ਸਾਲਾਂ ਤੋਂ ਕਾਨੂੰਨੀ ਲੜਾਈ ਲੜਨ ਵਾਲੀ ਮਾਂ ਦੀ ਇੱਥੇ 12 ਦਸੰਬਰ 2017 ਨੂੰ ਮੌਤ ਹੋ ਗਈ ਸੀ।