ਨਵੀਂ ਦਿੱਲੀ : ਦਿੱਲੀ ਦੀ ਇਕ ਅਦਾਲਤ ਨੇ ਸੋਮਵਾਰ ਨੂੰ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੂੰ 1984 ਦੇ ਸਿੱਖ ਕਤਲੇਆਮ ਦੇ ਇਕ ਕੇਸ ’ਚ ਕਾਂਗਰਸੀ ਨੇਤਾ ਜਗਦੀਸ਼ ਟਾਈਟਲਰ ਵਿਰੁਧ ਗਵਾਹ ਲੱਭਣ ਦੇ ਹੁਕਮ ਦਿਤੇ।
ਵਿਸ਼ੇਸ਼ ਸੀ.ਬੀ.ਆਈ. ਜੱਜ ਜਿਤੇਂਦਰ ਸਿੰਘ ਨੇ ਕੇਂਦਰੀ ਏਜੰਸੀ ਨੂੰ ਟਾਈਟਲਰ ਵਿਰੁਧ ਸਰਕਾਰੀ ਗਵਾਹ ਮਨਮੋਹਨ ਕੌਰ ਨੂੰ ਲੱਭਣ ਅਤੇ ਤਲਬ ਕਰਨ ਦਾ ਇਕ ਹੋਰ ਮੌਕਾ ਦਿਤਾ। ਜੱਜ ਨੇ ਪਹਿਲਾਂ ਮਨਮੋਹਨ ਕੌਰ ਨੂੰ ਤਲਬ ਕੀਤਾ ਸੀ, ਪਰ ਕੇਂਦਰੀ ਜਾਂਚ ਏਜੰਸੀ ਨੇ ਸੂਚਿਤ ਕੀਤਾ ਸੀ ਕਿ ਉਸ ਦਾ ਪਤਾ ਨਹੀਂ ਲੱਗ ਸਕਿਆ। ਅਦਾਲਤ ਨੇ ਸੋਮਵਾਰ ਨੂੰ ਇਕ ਹੋਰ ਗਵਾਹ ਬਾਲ ਕਿਸ਼ਨ ਆਰੀਆ ਦਾ ਬਿਆਨ ਦਰਜ ਕੀਤਾ, ਜਦਕਿ ਹੋਰ ਗਵਾਹਾਂ ਅਨੁਜ ਸਿਨਹਾ ਅਤੇ ਐਨ.ਡੀ. ਪੰਚੋਲੀ ਨੂੰ 20 ਦਸੰਬਰ ਨੂੰ ਤਲਬ ਕੀਤਾ ਗਿਆ।
ਜੱਜ ਨੇ ਕਿਹਾ ਕਿ ਸੀ.ਬੀ.ਆਈ. ਦੇ ਸਰਕਾਰੀ ਵਕੀਲ ਨੇ ਬੇਨਤੀ ਕੀਤੀ ਹੈ ਕਿ ਗਵਾਹਾਂ ਦੀ ਸੂਚੀ ਅਨੁਸਾਰ ਇਸ ਦੇ ਗਵਾਹ ਅਨੁਜ ਸਿਨਹਾ ਨੂੰ ਅਗਲੀ ਤਰੀਕ ’ਤੇ ਬੁਲਾਇਆ ਜਾਵੇ। ਉਸ ਨੇ ਸਰਕਾਰੀ ਗਵਾਹ ਮਨਮੋਹਨ ਕੌਰ ਅਤੇ ਐਨ.ਡੀ. ਪੰਚੋਲੀ ਨੂੰ ਪੇਸ਼ ਕਰਨ ਦਾ ਇਕ ਹੋਰ ਮੌਕਾ ਮੰਗਿਆ ਹੈ। ਬੇਨਤੀ ਮਨਜ਼ੂਰ ਕਰ ਲਈ ਜਾਂਦੀ ਹੈ। ਜਾਂਚ ਅਧਿਕਾਰੀ ਨੂੰ ਉਕਤ ਗਵਾਹਾਂ ਦਾ ਪਤਾ ਲਗਾਉਣ ਦੇ ਹੁਕਮ ਦਿਤੇ ਗਏ ਹਨ। ਬੇਨਤੀ ’ਤੇ ਮਨਮੋਹਨ ਕੌਰ, ਐਨ.ਡੀ. ਪੰਚੋਲੀ ਅਤੇ ਅਨੁਜ ਸਿਨਹਾ ਨੂੰ ਅਗਲੀ ਤਰੀਕ ’ਤੇ ਬੁਲਾਇਆ ਜਾਵੇ।
ਮਾਮਲੇ ਦੀ ਸੁਣਵਾਈ ਦੌਰਾਨ ਟਾਈਟਲਰ ਅਦਾਲਤ ’ਚ ਮੌਜੂਦ ਸੀ। ਇਹ ਮਾਮਲਾ 1984 ’ਚ ਕੌਮੀ ਰਾਜਧਾਨੀ ਦੇ ਗੁਰਦੁਆਰਾ ਪੁਲ ਬੰਗਸ਼ ’ਚ ਤਿੰਨ ਸਿੱਖਾਂ ਦੇ ਕਤਲ ਨਾਲ ਸਬੰਧਤ ਹੈ। 12 ਨਵੰਬਰ ਨੂੰ ਅਦਾਲਤ ਨੇ ਬਾਦਲ ਸਿੰਘ ਦੀ ਪਤਨੀ ਲਖਵਿੰਦਰ ਕੌਰ ਦਾ ਬਿਆਨ ਦਰਜ ਕੀਤਾ ਸੀ। ਬਾਦਲ ਸਿੰਘ ਨੂੰ 1 ਨਵੰਬਰ 1984 ਨੂੰ ਕਤਲੇਆਮ ’ਚ ਗੁਰਦੁਆਰਾ ਪੁਲ ਬੰਗਸ਼ ਵਿਖੇ ਭੀੜ ਨੇ ਮਾਰ ਦਿਤਾ ਸੀ। ਅਦਾਲਤ ਨੇ 13 ਸਤੰਬਰ ਨੂੰ ਟਾਈਟਲਰ ਵਿਰੁਧ ਕਤਲ ਅਤੇ ਹੋਰ ਅਪਰਾਧਾਂ ਦੇ ਦੋਸ਼ ਤੈਅ ਕੀਤੇ ਸਨ।