ਕਾਨਪੁਰ, 20 ਜੁਲਾਈ
1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਹੋਏ ਸਮੂਹਿਕ ਕਤਲੇਆਮ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਨੇ ਅੱਜ ਇਮਾਰਤ ਨੂੰ ਅੱਗ ਲਾਉਣ ਦੇ ਦੋਸ਼ ਵਿੱਚ ਪੰਜ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਘਟਨਾ ’ਚ ਤਿੰਨ ਵਿਅਕਤੀਆਂ ਨੂੰ ਸਾੜ ਦਿੱਤਾ ਗਿਆ ਸੀ। ਕਿਦਵਈ ਨਗਰ ਦੇ ਨਿਰਾਲਾ ਨਗਰ ਤੋਂ ਤਾਜ਼ਾ ਗ੍ਰਿਫਤਾਰੀਆਂ ਨਾਲ ਪੁਲੀਸ ਦੇ ਡਿਪਟੀ ਇੰਸਪੈਕਟਰ ਜਨਰਲ ਬਾਲੇਂਦੂ ਭੂਸ਼ਣ ਸਿੰਘ ਦੀ ਅਗਵਾਈ ਵਾਲੀ ਐੱਸਆਈਟੀ ਨੇ ਤੱਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਹੋਈ ਹਿੰਸਾ ਦੇ ਸਬੰਧ ਵਿੱਚ ਕੁੱਲ 27 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਸੁਪਰੀਮ ਕੋਰਟ ਦੇ ਹੁਕਮਾਂ ‘ਤੇ ਉੱਤਰ ਪ੍ਰਦੇਸ਼ ਸਰਕਾਰ ਵੱਲੋਂ 27 ਮਈ 2019 ਐੱਸਆਈਟੀ ਕਾਇਮ ਕੀਤੀ ਸੀ ਤੇ ਤਿੰਨ ਸਾਲਾਂ ਤੋਂ ਸਿੱਖ ਵਿਰੋਧੀ ਦੰਗਿਆਂ ਦੇ ਮਾਮਲਿਆਂ ਦੀ ਜਾਂਚ ਕਰ ਰਹੀ ਹੈ। ਗ੍ਰਿਫ਼ਤਾਰ ਕੀਤੇ ਪੰਜ ਮੁਲਜ਼ਮਾਂ ਦੀ ਅਨਿਲ ਕੁਮਾਰ ਪਾਂਡੇ (61), ਸ੍ਰੀਰਾਮ ਉਰਫ਼ ਬੱਗੜ (65), ਮੁਸਤਕੀਮ (70), ਅਬਦੁਲ ਵਹੀਦ (61) ਅਤੇ ਇਰਸ਼ਾਦ ਖ਼ਾਨ (60) ਵਾਸੀ ਕਿਦਵਈ ਨਗਰ ਵਜੋਂ ਹੋਈ ਹੈ।