ਫ਼ਿਰੋਜ਼ਪੁਰ, 17 ਮਈ
ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਦੀ ਬੀਤੇ ਦਿਨੀਂ ਫ਼ਿਰੋਜ਼ਪੁਰ ਵਿੱਚ ਕੁਝ ਕਾਂਗਰਸੀਆਂ ਵੱਲੋਂ ਕਥਿਤ ਤੌਰ ’ਤੇ ਗੱਡੀ ਘੇਰਨ ਅਤੇ ਬਦਸਲੂਕੀ ਕਰਨ ਦੇ ਮਾਮਲੇ ਤੋਂ ਵਿਧਾਇਕ ਖਹਿਰਾ ਖ਼ਫ਼ਾ ਹਨ। ਉਨ੍ਹਾਂ ਡੀਜੀਪੀ ਸੁਰੇਸ਼ ਅਰੋੜਾ ਨੂੰ ਪੱਤਰ ਭੇਜ ਕੇ 14 ਜਣਿਆਂ ਖ਼ਿਲਾਫ਼ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਚਿਤਾਵਨੀ ਵੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀ ਸ਼ਿਕਾਇਤ ’ਤੇ ਪਰਚਾ ਦਰਜ ਨਾ ਕੀਤਾ ਗਿਆ ਤਾਂ ਉਹ ਛੇਤੀ ਹੀ ਫ਼ਿਰੋਜ਼ਪੁਰ ਦੇ ਜ਼ਿਲ੍ਹਾ ਪੁਲੀਸ ਕਪਤਾਨ ਦੇ ਦਫ਼ਤਰ ਦੇ ਬਾਹਰ ਧਰਨਾ ਦੇਣਗੇ।
ਦੱਸਣਯੋਗ ਹੈ ਕਿ ਇਹ ਘਟਨਾ 14 ਮਈ ਦੀ ਹੈ। ਉਸ ਦਿਨ ਸ੍ਰੀ ਖਹਿਰਾ ਪਿੰਡ ਝੋਕ ਹਰੀ ਹਰ ਦੀ 25 ਏਕੜ ਰੌਲੇ ਵਾਲੀ ਜ਼ਮੀਨ ਦੇ ਸਬੰਧ ਵਿੱਚ ਮਰਨ ਵਰਤ ’ਤੇ ਬੈਠੀਆਂ ਦੋ ਬੀਬੀਆਂ ਨਾਲ ਮੁਲਾਕਾਤ ਕਰਨ ਲਈ ਸਥਾਨਕ ਡੀਸੀ ਦਫ਼ਤਰ ਦੇ ਬਾਹਰ ਪਹੁੰਚੇ ਸਨ। ਉਸ ਦਿਨ ਵਿਰੋਧੀ ਧਿਰ ਦੇ ਕੁਝ ਲੋਕ ਵੀ ਉਨ੍ਹਾਂ ਤੋਂ ਥੋੜ੍ਹੀ ਦੂਰ ’ਤੇ ਧਰਨਾ ਲਾ ਕੇ ਬੈਠੇ ਹੋਏ ਸਨ ਤੇ ਉਹ ਵੀ ਆਪਣੀ ਗੱਲ ਵਿਧਾਇਕ ਖਹਿਰਾ ਅੱਗੇ ਰੱਖਣਾ ਚਾਹੁੰਦੇ ਸਨ ਪਰ ਖਹਿਰਾ ਇਸ ਗੱਲ ਲਈ ਰਾਜ਼ੀ ਨਹੀਂ ਹੋਏ। ਸ੍ਰੀ ਖਹਿਰਾ ਜਦੋਂ ਬਜ਼ੁਰਗ ਬੀਬੀਆਂ ਨਾਲ ਮੁਲਾਕਾਤ ਕਰਨ ਮਗਰੋਂ ਉਨ੍ਹਾਂ ਨੂੰ ਸਮਰਥਨ ਦੇ ਰਹੇ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਆਗੂਆਂ ਨੂੰ ਮਿਲਣ ਲਈ ਤੁਰੇ ਤਾਂ ਵਿਰੋਧੀ ਧਿਰ ਦੇ ਲੋਕਾਂ ਨੇ ਕੁਝ ਕਾਂਗਰਸੀ ਵਰਕਰਾਂ ਦੀ ਮੱਦਦ ਨਾਲ ਉਨ੍ਹਾਂ ਦੀ ਗੱਡੀ ਨੂੰ ਘੇਰ ਲਿਆ ਤੇ ਬਦਸਲੂਕੀ ਕਰਨ ਲੱਗੇ। ਮੌਕੇ ’ਤੇ ਮੌਜੂਦ ਪੁਲੀਸ ਮੁਲਾਜ਼ਮ ਜਦੋਂ ਵਿਧਾਇਕ ਖਹਿਰਾ ਦੇ ਬਚਾਅ ਲਈ ਅੱਗੇ ਆਏ ਤਾਂ ਕਾਂਗਰਸੀ ਵਰਕਰਾਂ ਨੇ ਇੱਕ ਸਿਪਾਹੀ ਰਮਨੀਤ ਸਿੰਘ ਦੀ ਕੁੱਟਮਾਰ ਕਰ ਦਿੱਤੀ। ਇਹ ਸਾਰਾ ਕੁਝ ਮੀਡੀਆ ਅਤੇ ਕੁਝ ਸੀਨੀਅਰ ਪੁਲੀਸ ਅਫ਼ਸਰਾਂ ਦੀ ਹਾਜ਼ਰੀ ਵਿੱਚ ਹੋਇਆ, ਜਿਸ ਦੀ ਵੀਡੀਓ ਵੀ ਵਾਇਰਲ ਹੋਈ ਹੈ। ਉਸੇ ਦਿਨ ਦੇਰ ਸ਼ਾਮ ਥਾਣਾ ਛਾਉਣੀ ਵਿੱਚ ਸਿਪਾਹੀ ਰਮਨੀਤ ਸਿੰਘ ਦੀ ਸ਼ਿਕਾਇਤ ’ਤੇ ਇੱਕ ਦਰਜਨ ਤੋਂ ਵੱਧ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਇਸ ਮਾਮਲੇ ਨੂੰ ਠੰਢੇ ਬਸਤੇ ਵਿਚ ਪਾ ਦਿੱਤਾ ਗਿਆ।
ਵਿਧਾਇਕ ਖਹਿਰਾ ਨੇ ਅੱਜ ਡੀਜੀਪੀ ਨੂੰ ਭੇਜੇ ਪੱਤਰ ਵਿੱਚ ਇਸ ਘਟਨਾ ਨੂੰ ਬੇਹੱਦ ਸ਼ਰਮਨਾਕ ਦੱਸਿਆ ਹੈ। ਉਨ੍ਹਾਂ ਆਖਿਆ ਕਿ ਫ਼ਿਰੋਜ਼ਪੁਰ ਸ਼ਹਿਰ ਤੋਂ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦਾ ਰਿਸ਼ਤੇਦਾਰ ਬਿੱਟੂ ਸਾਂਘਾ ਕੁਝ ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣਾ ਚਾਹੁੰਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਉਸ ਦਿਨ ਜੋ ਕੁਝ ਵੀ ਉਨ੍ਹਾਂ ਨਾਲ ਵਾਪਰਿਆ, ਉਹ ਸਭ ਵਿਧਾਇਕ ਪਿੰਕੀ ਦੇ ਇਸ਼ਾਰੇ ’ਤੇ ਹੋਇਆ ਹੈ। ਉਨ੍ਹਾਂ ਆਖਿਆ ਕਿ ਮੀਡੀਆ ਦੀ ਮੌਜੂਦਗੀ ਵਿੱਚ ਪੁਲੀਸ ਨਾਲ ਕੁੱਟਮਾਰ ਹੋਈ ਹੈ, ਜਿਸ ਕਾਰਨ ਹੇਠਲੇ ਰੈਂਕ ਦੇ ਪੁਲੀਸ ਮੁਲਾਜ਼ਮਾਂ ਦਾ ਮਨੋਬਲ ਡਿੱਗਿਆ ਹੈ। ਵਿਧਾਇਕ ਨੇ ਜਿਨ੍ਹਾਂ 14 ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ, ਉਨ੍ਹਾਂ ਵਿੱਚ ਗੁਰਚਰਨ ਸਿੰਘ ਉਰਫ਼ ਚੰਨਾ ਵਾਸੀ ਬਾਰੇ ਕੇ, ਸੁਖਚੈਨ ਸਿੰਘ ਵਾਸੀ ਬਾਰੇ ਕੇ, ਗੁਰਮੀਤ ਸਿੰਘ ਵਾਸੀ ਕੰਬੋਜ ਨਗਰ, ਕਸ਼ਮੀਰ ਸਿੰਘ ਭੁੱਲਰ (ਜਨਰਲ ਸਕੱਤਰ ਪੰਜਾਬ ਕਾਂਗਰਸ ਕਮੇਟੀ ਫ਼ਿਰੋਜ਼ਪੁਰ), ਪਾਲ ਧੰਜਲ, ਸੰਜੂ ਗੁਪਤਾ, ਮੋਨੂੰ ਭਾਟੀਆ, ਯਾਕੂਬ ਭੱਟੀ, ਕਾਲੂ ਪ੍ਰਧਾਨ ਟੈਂਪੂ ਯੂਨੀਅਨ ਵਾਸੀਆਨ ਫ਼ਿਰੋਜ਼ਪੁਰ ਸ਼ਹਿਰ, ਚੰਨਾ ਵਾਸੀ ਮਾਛੀਵਾੜਾ, ਬਲਕਾਰ ਸਿੰਘ, ਰਣਜੀਤ ਸਿੰਘ, ਰਵਿੰਦਰ ਸਿੰਘ ਅਤੇ ਸਵਰਨ ਸਿੰਘ ਵਾਸੀਆਨ ਝੋਕ ਹਰੀ ਹਰ ਸ਼ਾਮਲ ਹਨ। ਵਿਧਾਇਕ ਨੇ ਪੱਤਰ ਵਿੱਚ ਪੁਲੀਸ ਦੀ ਕਾਰਵਾਈ ’ਤੇ ਟਿੱਪਣੀ ਕਰਦਿਆਂ ਆਖਿਆ ਕਿ ਜਿਨ੍ਹਾਂ ਮੁਲਜ਼ਮਾਂ ਨੂੰ ਪੁਲੀਸ ਵੀਡੀਓ ਵਾਇਰਲ ਹੋਣ ਤੋਂ ਬਾਅਦ ਵੀ ਨਹੀਂ ਪਛਾਣ ਸਕੀ, ਉਨ੍ਹਾਂ ਨੇ ਉਨ੍ਹਾਂ ਮੁਲਜ਼ਮਾਂ ਬਾਰੇ 24 ਘੰਟਿਆਂ ਦੇ ਅੰਦਰ ਪਤਾ ਲਾ ਲਿਆ ਪਰ ਪੁਲੀਸ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ।
ਦੂਜੇ ਪਾਸੇ ਵਿਧਾਇਕ ਪਿੰਕੀ ਨੇ ਆਪਣੇ ਉਪਰ ਲੱਗੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਆਖਿਆ ਹੈ ਕਿ ਇਸ ਘਟਨਾ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ ਹੈ।