ਟੋਰਾਂਟੋ :-ਕੈਨੇਡਾ ਦੀਆਂ ਸੱਭ ਤੋਂ ਵੱਡੀਆਂ ਕੰਪਨੀਆਂ ਇੱਕ ਅਜਿਹੇ ਪਾਇਲਟ ਪ੍ਰੋਜੈਕਟ ਨਾਲ ਜੁੜਨ ਜਾ ਰਹੀਆਂ ਹਨ ਜਿਸ ਤਹਿਤ ਉਨ੍ਹਾਂ ਵੱਲੋਂ ਆਪਣੇ ਕਰਮਚਾਰੀਆਂ ਨੂੰ ਆਫਿਸ ਵਿੱਚ ਦਾਖਲ ਕਰਨ ਤੋਂ ਪਹਿਲਾਂ ਸੱਭ ਦੇ ਕੋਵਿਡ-19 ਟੈਸਟ ਕਰਵਾਏ ਜਾਣਗੇ।
ਇਸ ਪ੍ਰੋਗਰਾਮ ਨੂੰ ਰੈਪਿਡ ਸਕਰੀਨਿੰਗ ਕੌਨਸੋਰਟੀਅਮ ਦਾ ਨਾਂ ਦਿੱਤਾ ਗਿਆ ਹੈ। ਇਸ ਵਿੱਚ 12 ਵੱਖ ਵੱਖ ਕੰਪਨੀਆਂ ਜਿਨ੍ਹਾਂ ਵਿੱਚ ਏਅਰ ਕੈਨੇਡਾ, ਲੋਬਲਾਅਜ਼, ਮੈਗਨਾ, ਸਕੋਸ਼ੀਆਬੈੱਕ ਤੇ ਸਨਕੋਰ ਵੱਲੋਂ ਆਪਣੇ ਉਨ੍ਹਾਂ ਮੁਲਾਜ਼ਮਾਂ ਦੇ ਹਫਤੇ ਵਿੱਚ ਦੋ ਵਾਰੀ ਕੋਵਿਡ-19 ਸਕਰੀਨਿੰਗ ਟੈਸਟ ਕਰਵਾਏ ਜਾਣਗੇ ਜਿਹੜੇ ਆਪਣੀ ਇੱਛਾ ਨਾਲ ਅਜਿਹਾ ਕਰਵਾਉਣਾ ਚਾਹੁਣਗੇ। ਜਿਹੜੇ ਇਸ ਪ੍ਰੋਗਰਾਮ ਨਾਲ ਜੁੜਨਗੇ ਉਨ੍ਹਾਂ ਨੂੰ ਆਪਣੀ ਕੰਮ ਵਾਲੀ ਥਾਂ ਉੱਤੇ ਦਾਖਲ ਹੋਣ ਤੋਂ ਪਹਿਲਾਂ ਸਕਰੀਨ ਕੀਤਾ ਜਾਵੇਗਾ ਤੇ ਇਸ ਟੈਸਟ ਦੇ ਨਤੀਜੇ ਉਨ੍ਹਾਂ ਨੂੰ 15 ਮਿੰਟਾਂ ਵਿੱਚ ਹੀ ਮਿਲ ਜਾਣਗੇ।
ਇਸ ਪ੍ਰੋਜੈਕਟ ਨੂੰ ਯੂਨੀਵਰਸਿਟੀ ਆਫ ਟੋਰਾਂਟੋ ਦੇ ਰੌਟਮੈਨ ਸਕੂਲ ਆਫ ਮੈਨੇਜਮੈੱਟ ਵਿਖੇ ਕ੍ਰੀਏਟਿਵ ਡਿਸਟ੍ਰਕਸ਼ਨ ਲੈਬ ਤੇ ਪ੍ਰੋਫੈਸਰ ਜੈਨਿਸ ਸਟੇਨ ਦੀ ਅਗਵਾਈ ਵਿੱਚ ਸਿਰੇ ਚੜ੍ਹਾਇਆ ਜਾਵੇਗਾ। ਸਟੇਨ ਨੇ ਦੱਸਿਆ ਕਿ ਇਸ ਪ੍ਰੋਜੈਕਟ ਨੂੰ ਕੰਮ ਵਾਲੀਆਂ ਥਾਂਵਾਂ ਨੂੰ ਹੋਰ ਸੁਰੱਖਿਅਤ ਬਣਾਉਣ ਦੇ ਇਰਾਦੇ ਨਾਲ ਤਿਆਰ ਕੀਤਾ ਗਿਆ ਹੈ।