ਓਨਟਾਰੀਓ (ਕੈਨੇਡਾ) : ਓਨਟਾਰੀਓ ਫ੍ਰੈਂਡਜ ਕਲੱਬ ਵੱਲੋਂ ੫, ੬ ਤੇ ੭ ਜੁਲਾਈ 2024 ਕਰਵਾਈ ਜਾਣ ਵਾਲੀ ਵਰਲਡ ਪੰਜਾਬੀ ਕਾਨਫਰੰਸ ਦੇ ਪ੍ਰਬੰਧਾਂ ਲਈ ਅੱਜ ਡਾਕਟਰ ਸੰਤੋਖ ਸਿੰਘ ਸੰਧੂ, ਪ੍ਰਧਾਨ ਓ. ਐਫ. ਸੀ. ਬਰੈਂਪਟਨ ਦੀ ਪ੍ਰਧਾਨਗੀ ਹੇਠ ਹੰਗਾਮੀ ਮੀਟਿੰਗ ਹੋਈ ਜਿਸ ਵਿੱਚ ਓ. ਐਫ. ਸੀ. ਤੇ ਜਗਤ ਪੰਜਾਬੀ ਸਭਾ ਦੇ ਮੈਂਬਰਾਂ ਨੇ ਹਿਸਾ ਲਿਆ। ਹਰੇਕ ਮੈਂਬਰ ਨੇ ਕਾਨਫ਼ਰੰਸ ਦੀ ਕਾਮਯਾਬੀ ਲਈ ਸਲਾਹ ਮਸ਼ਵਰਾ ਕੀਤਾ ਤੇ ਸਹਿਯੋਗ ਦੇਣ ਦਾ ਵਿਸ਼ਵਾਸ਼ ਦਿੱਤਾ। ਡਾਕਟਰ ਰਮਨੀ ਬਤਰਾ ਨੇ ਦੱਸਿਆ ਕਿ ਹਾਜ਼ਰ ਹੋਣ ਵਾਲੇ ਕਈ ਬੁੱਧੀਜੀਵੀਆਂ ਦੇ ਖੋਜ ਪੱਤਰਾਂ ਦੇ ਸਾਰੰਸ਼ ਪਹੁੰਚ ਚੁੱਕੇ ਹਨ। ਕਾਨਫ਼ਰੰਸ ਤੋਂ ਪਹਿਲਾ ਪ੍ਰਾਪਤ ਹੋਣ ਵਾਲੇ ਸਾਰੇ ਅਬਸਟਰੈਕਟ (ਸਾਰੰਸ਼) ਇੱਕ ਖੂਬਸੂਰਤ ਜਿਲਦ ਵਿੱਚ ਛਾਪੇ ਜਾਣਗੇ।
ਸਰਦੂਲ ਸਿੰਘ ਥਿਆੜਾ ਨੇ ਦੱਸਿਆ ਕਿ ਪੰਜਾਬੀ ਪਿਆਰਿਆਂ, ਸਾਹਿਤਕਾਰਾਂ ਬੁੱਧੀਜੀਵੀਆਂ ਅਤੇ ਬਹੁਤ ਸਾਰੀਆਂ ਰਾਜਨੀਤਕ ਤੇ ਧਾਰਮਿਕ ਸਖਸ਼ੀਅਤਾਂ ਨੂੰ ਸੱਦਾ ਪੱਤਰ ਦਿਤੇ ਜਾ ਰਹੇ ਹਨ। ਵਿੱਚ ਸਹਿਮਤੀਆਂ ਪ੍ਰਾਪਤ ਹੋ ਰਹੀਆਂ। ਉਹਨਾਂ ਵਿੱਚੋਂ ਭਰਵੀਂ ਗਿਣਤੀ ‘ਚ ਸ਼ਾਮਲ ਹੋਣ ਵਾਲੀਆਂ ਸ਼ਖਸ਼ੀਅਤਾਂ ਨੇ ਸਹਿਮਤੀ ਦੇ ਦਿਤੀ ਹੈ ਅਤੇ ਕਈਆਂ ਦੀ ਸਹਿਮਤੀ ਦੀ ਉਡੀਕ ਹੈ। ਦੇਸ਼ਾਂ ਵਿਦੇਸ਼ਾਂ ਦੇ ਕਈ ਨੇਤਾ ਵੀ ਇਸ ਕਾਨਫਰੰਸ ਵਿੱਚ ਸ਼ਾਮਲ ਹੋਣ ਆ ਰਹੇ ਹਨ। ਖਾਣ, ਪਕਵਾਨ ਦਾ ਪ੍ਰਬੰਧ ਗੁਰਚਰਨ ਸਿੰਘ ਤੇ ਪ੍ਰਭਜੋਤ ਕੌਰ ਸੰਧੂ ਕਰਨਗੇ ।
ਅਜੈਬ ਸਿੰਘ ਚੱਠਾ ਨੇ ਦੱਸਿਆ ਕਿ ਬਰੈਂਪਟਨ ਸਿਟੀ ਵੱਲੋਂ ਵੀ ਇਸ ਕਾਨਫਰੰਸ ਨੂੰ ਸਫਲ ਬਣਾਉਣ ਸਬੰਧੀ ਸੰਪੂਰਨ ਸਹਿਯੋਗ ਮਿਲਣ ਦੀ ਉਮੀਦ ਹੈ। ਡਿਪਟੀ ਮੇਅਰ ਹਰਕੀਰਤ ਸਿੰਘ ਨੇ ਇਸ ਕਾਨਫਰੰਸ ‘ਚ ਆਉਣਾ ਸਵੀਕਾਰ ਕਰ ਲਿਆ ਹੈ। ਕਾਨਫਰੰਸ ‘ਚ ਸ਼ਾਮਲ ਹੋਣ ਵਾਲੇ ਵਿਦਵਾਨਾਂ ਅਤੇ ਮਹਿਮਾਨਾਂ ਰਹਿਣ, ਠਹਿਰਾਉਣ ਦੀ ਦੇਖਭਾਲ ਡਾਕਟਰ ਸੰਤੋਖ ਸਿੰਘ ਸੰਧੂ ਪ੍ਰਧਾਨ, ਉਨਟਾਰੀਓ ਫ੍ਰੈਂਡਜ਼ ਕਲੱਬ ਕਰਨਗੇ। ਸੰਜੀਤ ਸਿੰਘ ਨੇ ਦੱਸਿਆ ਕਿ ਵਿਸ਼ਵ ਭਰ ‘ਚੋਂ ਉੱਘੀਆਂ ਪੰਜ ਪੰਜਾਬੀ ਸ਼ਖਸੀਅਤਾਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ ਜਿਨਾਂ ਨੂੰ ਕਾਨਫਰੰਸ ਵਿਚ ਸਨਮਾਨਿਤ ਕੀਤਾ ਜਾਵੇਗਾ। ਅਮਰ ਸਿੰਘ ਭੁੱਲਰ ਸਰਪ੍ਰਸਤ ਵਰਲਡ ਪੰਜਾਬੀ ਕਾਨਫਰੰਸ ਨੇ ਦੱਸਿਆ ਕਿ ਕਾਨਫਰੰਸ ਦੀ ਸਾਰੀ ਕਰਵਾਈ ਸੰਸਾਰ ਭਰ ਵਿੱਚ ਔਨਲਾਈਨ ਦਿਖਾਈ ਜਾਵੇਗੀ ।
ਤਾਹਿਰ ਅਸਲਮ ਗੋਰਾ ਨੇ ਦੱਸਿਆ ਕਿ ਬਹੁਤ ਸਾਰੇ ਵੱਡੇ ਤੇ ਮਕਬੂਲ ਵਿਦਵਾਨ ਕਾਨਫਰੰਸ ਵਿਚ ਭਰਵਾਂ ਹਿੱਸਾ ਲੈਣਗੇ। ਇਸ ਦੌਰਾਨ ਸਹੀ ਪੰਜਾਬੀ ਨਾਇਕਾਂ ਦੀ ਸ਼ਨਾਖਤ ਕੀਤੀ ਜਾਵੇਗੀ। ਪੰਜਾਬੀਅਤ ਤੇ ਪੰਜਾਬੀ ਭਾਸ਼ਾ ਦੇ ਭਵਿੱਖ ਬਾਰੇ ਵਿਚਾਰਾਂ ਹੋਣਗੀਆਂ। ਉਹਨਾਂ ਦੱਸਿਆ ਕਿ ਸਾਡੀਆਂ ਪਹਿਲੀਆਂ ਨੌਂ ਕਾਨਫਰੰਸਾਂ ਵਾਂਗ ੧੦ਵੀਂ ਵਰਲਡ ਪੰਜਾਬੀ ਕਾਨਫਰੰਸ ਵੀ ਕਾਮਯਾਬ ਰਹੇਗੀ।