ਜੰਡਿਆਲਾ ਗੁਰੂ, 10 ਦਸੰਬਰ

ਜੰਡਿਆਲਾ ਗੁਰੂ ਰੇਲ ਰੋਕ ਅੰਦੋਲਨ 79ਵੇਂ ਦਿਨ ਵੀ ਜਾਰੀ ਹੈ। ਮੌਸਮ ਦੇ ਬਦਲਦੇ ਮਿਜਾਜ਼ ਦੇ ਬਾਵਜੂਦ ਧਰਨੇ ’ਤੇ ਬੈਠੇ ਕਿਸਾਨਾਂ ਦੇ ਹੌਸਲੇ ਬੁਲੰਦ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਕਾਲੇ ਕਾਨੂੰਨ ਰੱਦ ਹੋਣ ਤੱਕ ਇਹ ਅੰਦੋਲਨ ਜਾਰੀ ਰਹੇਗਾ। ਇਸ ਦੌਰਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਕੋਰ ਕਮੇਟੀ ਦੀ ਲੰਮੀ ਚੱਲੀ ਮੀਟਿੰਗ ਬਾਅਦ ਫੈਸਲਾ ਕੀਤਾ ਕਿ ਕਿਸਾਨਾਂ ਦਾ ਵੱਡਾ ਜੱਥਾ ਦਿੱਲੀ ਵੱਲ ਕੂਚ ਕਰੇਗਾ। ਜੰਡਿਆਲਾ ਗੁਰੂ ਵਿਖੇ ਰੇਲ ਰੋਕੋ ਮੋਰਚੇ ਦੀ ਅਗਵਾਈ ਕਰ ਰਹੇ ਆਗੂਆਂ ਹਰਪ੍ਰੀਤ ਸਿੰਘ ਸਿੱਧਵਾਂ, ਸਤਨਾਮ ਸਿੰਘ ਮਾਨੋਚਾਹਲ ਨੇ ਆਖਿਆ ਸਰਕਾਰ ਦੀਆਂ ਜਥੇਬੰਦੀਆਂ ਵਿੱਚ ਫੁੱਟ ਪਾਉਣ ਦੀਆਂ ਨੀਤੀਆਂ ਨੂੰ ਸਫਲ ਨਹੀਂ ਹੋਣ ਦਿੱਤਾ ਜਾਵੇਗਾ। ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ 9 ਦਸੰਬਰ ਨੂੰ ਸ਼ਾਮ 5 ਵਜੇ ਤੋਂ 11 ਵਜੇ ਤੱਕ ਚੱਲੀ ਸੂਬਾ ਕੋਰ ਕਮੇਟੀ ਦੀ ਮੀਟਿੰਗ ਵਿੱਚ ਹੋਏ ਫੈਸਲੇ ਅਨੁਸਾਰ 50 ਹਜ਼ਾਰ ਤੋਂ ਵਧੇਰੇ ਕਿਸਾਨਾਂ-ਮਜ਼ਦੂਰਾਂ ਦਾ ਜਥਾ ਸੈਂਕੜੇ ਟਰੈਕਟਰਾਂ-ਟਰਾਲੀਆਂ ਵਿੱਚ ਸਵਾਰ ਹੋ ਕੇ 11 ਦਸੰਬਰ ਨੂੰ ਸਵੇਰੇ 7 ਵਜੇ ਦਰਬਾਰ ਸਾਹਿਬ ਮੱਥਾ ਟੇਕਣ ਉਪਰੰਤ ਗੋਲਡਨ ਗੇਟ ਅੰਮਿ੍ਤਸਰ ਤੋਂ ਦਿੱਲੀ ਵੱਲ ਕੂਚ ਕਰੇਗਾ। ਪੰਧੇਰ ਨੇ ਦੱਸਿਆ ਅੰਮਿ੍ਤਸਰ, ਤਰਨਤਾਰਨ, ਗੁਰਦਾਸਪੁਰ ਤੋਂ ਪਹੁੰਚੇ ਕਿਸਾਨ-ਮਜ਼ਦੂਰ ਬਿਆਸ ਪੁਲ ਉਤੇ ਵੀ ਜੱਥੇ ਨਾਲ ਮਿਲਦੇ ਜਾਣਗੇ। ਫਿਰੋਜ਼ਪੁਰ, ਜਲੰਧਰ, ਕਪੂਰਥਲਾ, ਮੋਗਾ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਦੇ ਕਿਸਾਨਾਂ-ਮਜ਼ਦੂਰਾਂ ਦਾ ਜੱਥਾ ਫਿਰੋਜ਼ਪੁਰ ਤੋਂ ਰਵਾਨਾ ਹੋਵੇਗਾ। ਇਹ ਦੋਵੇਂ ਜੱਥੇ ਦੋਰਾਹਾ ਮੰਡੀ ਵਿਖੇ ਜਾ ਕੇ ਇਕੱਠੇ ਹੋਣਗੇ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਦਿੱਲੀ ਦੇ ਕੁੰਡਲੀ ਬਾਰਡਰ ਉਤੇ ਮੋਰਚਾ ਜਸਬੀਰ ਸਿੰਘ ਪਿੱਦੀ, ਸੁਖਵਿੰਦਰ ਸਿੰਘ ਸਭਰਾ ਦੀ ਅਗਵਾਈ ਵਿੱਚ ਜਾਰੀ ਹੈ।