ਨਵੀਂ ਦਿੱਲੀ, ਚੰਡੀਗੜ੍ਹ, 12 ਦਸੰਬਰ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਜੰਤਰ ਮੰਤਰ ਵਿਖੇ ਸੰਸਦ ਦਾ ਸੀਤਕਾਲੀਨ ਸੈਸ਼ਨ ਬੁਲਾਏ ਜਾਣ ਦੀ ਮੰਗ ਵਿਚ ਧਰਨੇ ਤੇ ਬੈਠੇ ਪੰਜਾਬ ਦੇ ਸੰਸਦ ਮੈਂਬਰਾਂ ਨਾਲ ਮੁਲਾਕਾਤਾ ਕੀਤੀ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਉਹ ਲੋਕਤੰਤਰ ਨੂੰ ਖਤਮ ਕਰਨ ਦੀ ਆਪਣੀ ਨੀਤੀ ਤਿਆਗ ਕਰਕੇ ਬਿਨ੍ਹਾ ਦੇਰੀ ਪਾਰਲੀਮੈਂਟ ਦਾ ਸੈਸ਼ਨ ਬੁਲਾਏ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਵਿਰੋਧੀ ਧਿਰਾਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਟਾਲਾ ਵੱਟਿਆਂ ਜਾ ਰਿਹਾ ਹੈ ਅਤੇ ਇਤਿਹਾਸ ਵਿਚ ਪਹਿਲੀ ਵਾਰ ਹੋ ਰਿਹਾ ਹੈ ਕਿ ਸੰਸਦ ਦਾ ਸਰਦ ਰੁੱਤ ਦਾ ਇਜਲਾਸ ਨਹੀਂ ਬੁਲਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹਾ ਕਰਕੇ ਮੋਦੀ ਸਰਕਾਰ ਲੋਕਤੰਤਰ ਦੀ ਹੱਤਿਆ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਸੰਸਦ ਵਿਚ ਚਰਚਾ ਹੀ ਨਹੀਂ ਕਰਨੀ ਤਾਂ ਨਵਾਂ ਸੰਸਦ ਭਵਨ ਬਣਾਉਣ ਦਾ ਕੀ ਲਾਭ। ਉਨ੍ਹਾਂ ਨੇ ਕਿਹਾ ਕਿ ਜਦ ਬਿਹਾਰ ਚੋਣਾਂ ਦੌਰਾਨ ਕਰੋਨਾ ਦਾ ਅਸਰ ਨਹੀਂ ਹੋਇਆ ਤਾਂ ਕੀ ਸਿਰਫ ਸਾਂਸਦਾਂ ਦੇ ਇੱਕਠੇ ਹੋਣ ਨਾਲ ਕਰੋਨਾ ਫੈਲ ਜਾਵੇਗਾ।

ਸੁਨੀਲ ਜਾਖੜ ਨੇ ਕਿਹਾ ਕਿ ਸੰਵਾਦ ਲੋਕਤੰਤਰ ਦਾ ਅਧਾਰ ਹੈ ਪਰ ਮੋਦੀ ਸਰਕਾਰ ਸਿਰਫ ਆਪਣੇ ਮਨ ਦੀ ਗੱਲ ਲੋਕਾਂ ਨੂੰ ਦੱਸਣ ਵਿਚ ਯਕੀਨ ਰੱਖਦੀ ਹੈ ਅਤੇ ਲੋਕਾਂ ਦੀ ਗੱਲ ਇਸ ਸਰਕਾਰ ਵੱਲੋਂ ਸੁਣੀ ਨਹੀਂ ਜਾਂਦੀ ਹੈ। ਇਹੀ ਕਾਰਨ ਹੈ ਕਿ ਅੱਜ ਲੱਖਾਂ ਕਿਸਾਨ ਦਿੱਲੀ ਦੀਆਂ ਸੜਕਾਂ ਤੇ ਕੜਾਕੇ ਦੀ ਠੰਡ ਵਿਚ ਸੱਤਾ ਦੇ ਨਸ਼ੇ ਵਿਚ ਚੂਰ ਸਰਕਾਰ ਤੋਂ ਲੋਕਤੰਤਰ ਦੀ ਰਾਖੀ ਅਤੇ ਇਸ ਮੁਲਕ ਦੀ ਭੋਜਨ ਸੁਰੱਖਿਆ ਨੂੰ ਮੁੱਠੀ ਭਰ ਲੋਕਾਂ ਦੇ ਕੋਲ ਕੇਂਦਰ ਸਰਕਾਰ ਵੱਲੋਂ ਗਿਰਵੀ ਕਰਨ ਦੀ ਯੋਜਨਾ ਰੱਦ ਕਰਵਾਉਣ ਲਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕਿਸਾਨ ਹੁਣ ਸਿਰਫ ਤਿੰਨ ਕਾਲੇ ਕਾਨੂੰਨਾਂ ਖਿਲਾਫ ਹੀ ਲੜਾਈ ਨਹੀਂ ਲੜ ਰਹੇ ਸਗੋਂ ਉਹ ਦੇਸ਼ ਦੀ ਸੱਤਾ ਦੇ ਕਾਬਜ ਬੁਰੀ ਸੋਚ ਖਿਲਾਫ ਲੜਾਈ ਲੜ ਰਹੇ ਹਨ ਜੋ ਕਿ ਕਰੋੜਾਂ ਲੋਕਾਂ ਨੂੰ ਵਿਸਾਰ ਕੇ ਚੰਦ ਕਾਰਪੋਰੇਟ ਘਰਾਣਿਆਂ ਦਾ ਹਿੱਤ ਪੂਰਨ ਤੇ ਲੱਗੀ ਹੋਈ ਹੈ।

 ਸੁਨੀਲ ਜਾਖੜ ਨੇ ਕਿਹਾ ਕਿ ਕ੍ਰਾਂਤੀ ਪੰਜਾਬੀਆਂ ਦੇ ਡੀਐਨਏ ਦਾ ਭਾਗ ਹੈ ਪਰ ਸਾਡੇ ਲਈ ਸਾਡਾ ਦੇਸ਼ ਸਭ ਤੋਂ ਪਹਿਲਾਂ ਹੈ। ਉਨ੍ਹਾਂ ਨੇ ਕਿਹਾ ਕਿ ਅੰਦੋਲਣ ਨੂੰ ਬਦਨਾਮ ਕਰਨ ਦੀਆਂ ਕੋਸ਼ਿਸਾਂ ਕਾਮਯਾਬ ਨਹੀਂ ਹੋਣਗੀਆਂ। ਉਨ੍ਹਾਂ ਨੇ ਕਿਹਾ ਕਿ ਸਾਡੇ ਲੋਕਤੰਤਰ ਦੀ ਇਹੀ ਖਾਸ਼ੀਅਤ ਹੈ ਕਿ ਇਕ ਆਮ ਵਿਅਕਤੀ ਪ੍ਰਧਾਨ ਮੰਤਰੀ ਬਣ ਸਕਿਆ ਹੈ ਪਰ ਅੱਜ ਉਹੀ ਪ੍ਰਧਾਨ ਮੰਤਰੀ ਯਤਨਸ਼ੀਲ ਹੈ ਅਜਿਹੇ ਹਲਾਤ ਸਿਰਜਣ ਦੇ ਕਿ ਮੁੜ ਕੋਈ ਆਮ ਵਿਅਕਤੀ ਪ੍ਰਧਾਨ ਮੰਤਰੀ ਨਾ ਬਣ ਸਕੇ।

ਇਸ ਮੌਕੇ ਇਕ ਸਵਾਲ ਦੇ ਜਵਾਬ ਵਿਚ ਸ੍ਰੀ ਜਾਖੜ ਨੇ ਕਿਹਾ ਕਿ ਇੰਨ੍ਹਾਂ ਕਾਨੂੰਨਾਂ ਦੀ ਬਣਤਰ ਸਮੇਂ ਅਕਾਲੀ ਦਲ ਨੇ ਇਕ ਕੁਰਸੀ ਦੇ ਲਾਲਚ ਵਿਚ ਪੰਜਾਬ ਦੇ ਕਿਸਾਨ ਨਾਲ ਜੋ ਧੋਖਾ ਕੀਤਾ ਹੈ ਉਸ ਲਈ ਉਸਨੂੰ ਕਦੇ ਮਾਫ ਨਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਦੇ ਆਗੂ ਤਾਂ ਆਪ ਕਾਰਪੋਰੇਟ ਹਨ ਜਿੰਨ੍ਹਾਂ ਨੇ ਬੇਸੱਕ ਸਾਰੀ ਉਮਰ ਕਿਸਾਨੀ ਦੇ ਨਾਂਅ ਤੇ ਰਾਜਨੀਤੀ ਕੀਤੀ ਪਰ ਜਦ ਸਮਾਂ ਆਇਆ ਤਾਂ ਕਿਸਾਨਾਂ ਨਾਲ ਧ੍ਰੋਹ ਕਮਾ ਗਏ।

ਇਸ ਮੌਕੇ ਸਾਂਸਦ ਜ਼ਸਬੀਰ ਸਿੰਘ ਗਿੱਲ, ਵਿਧਾਇਕ ਕੁਲਬੀਰ ਸਿੰਘ ਜੀਰਾ, ਕੁਲਜੀਤ ਸਿੰਘ ਨਾਗਰਾ ਵੀ ਹਾਜਰ ਸਨ।