ਸੇਂਟ ਲੁਈ (ਅਮਰੀਕਾ), 18 ਫਰਵਰੀ
ਭਾਰਤ ਦੀ ਵਿਸ਼ਵ ਰੈਪਿਡ ਚੈਂਪੀਅਨ ਕੋਨੇਰੂ ਹੰਪੀ ਨੇ ਹਮਵਤਨ ਖਿਡਾਰਨ ਦਰੋਣਾਵੱਲੀ ਹਰੀਕਾ ਨੂੰ ਕੇਰਨਜ਼ ਕੱਪ ਸ਼ਤਰੰਜ ਦੇ ਨੌਵੇਂ ਅਤੇ ਆਖ਼ਰੀ ਗੇੜ ਵਿੱਚ ਡਰਾਅ ’ਤੇ ਰੋਕ ਕੇ ਬੀਤੇ ਦੋ ਮਹੀਨਿਆਂ ਵਿੱਚ ਆਪਣਾ ਦੂਜਾ ਖ਼ਿਤਾਬ ਜਿੱਤਿਆ।
ਬੀਤੇ ਸਾਲ ਦਸੰਬਰ ਵਿੱਚ ਵਿਸ਼ਵ ਰੈਪਿਡ ਚੈਂਪੀਅਨ ਬਣੀ ਹੰਪੀ ਇਸ ਟੂਰਨਾਮੈਂਟ ਵਿੱਚ ਛੇ ਅੰਕ ਨਾਲ ਸੂਚੀ ਵਿੱਚ ਸਿਖਰ ’ਤੇ ਰਹੀ। ਇਸ ਕਾਮਯਾਬੀ ਵਿੱਚ ਉਸ ਨੂੰ ਪੰਜ ਈਐੱਲਓ ਰੇਟਿੰਗ ਅੰਕ ਮਿਲਣਗੇ, ਜਿਸ ਨਾਲ ਉਹ ਵਿਸ਼ਵ ਦਰਜਾਬੰਦੀ ਵਿੱਚ ਦੂਜੇ ਸਥਾਨ ’ਤੇ ਪਹੁੰਚ ਜਾਵੇਗੀ।
ਭਾਰਤੀ ਗਰੈਂਡ ਮਾਸਟਰ ਹੰਪੀ ਨੇ ਕਿਹਾ, ‘‘ਮੈਂ ਏਨਾ ਚੁਣੌਤੀਪੂਰਨ ਟੂਰਨਾਮੈਂਟ ਜਿੱਤ ਕੇ ਬਹੁਤ ਖ਼ੁਸ਼ ਹਾਂ। ਇਸ ਤੋਂ ਮੈਨੂੰ ਅਹਿਸਾਸ ਹੁੰਦਾ ਹੈ ਕਿ ਵਿਸ਼ਵ ਰੈਪਿਡ ਖ਼ਿਤਾਬ ਜਿੱਤਣਾ ਮੇਰੇ ਲਈ ਕੋਈ ਤੁੱਕਾ ਨਹੀਂ ਸੀ।’’ 32 ਸਾਲ ਦੀ ਇਸ ਭਾਰਤੀ ਖਿਡਾਰਨ ਨੂੰ ਚੈਂਪੀਅਨ ਬਣਨ ਲਈ ਆਖ਼ਰੀ ਗੇੜ ਵਿੱਚ ਸਿਰਫ਼ ਡਰਾਅ ਦੀ ਲੋੜ ਸੀ। ਉਸ ਨੂੰ ਐਤਵਾਰ ਰਾਤ ਨੂੰ ਖੇਡੇ ਗਏ ਮੁਕਾਬਲੇ ਵਿੱਚ ਹਰੀਕਾ ਖ਼ਿਲਾਫ਼ ਅਜਿਹਾ ਕਰਨ ਵਿੱਚ ਕੋਈ ਪ੍ਰੇਸ਼ਾਨੀ ਨਹੀਂ ਹੋਈ। ਇਸ ਜਿੱਤ ਨਾਲ ਹੰਪੀ ਨੂੰ ਪੁਰਸਕਾਰ ਰਾਸ਼ੀ ਵਜੋਂ 45,000 ਡਾਲਰ ਮਿਲੇ। ਵਿਸ਼ਵ ਚੈਂਪੀਅਨ ਵੇਂਜੁਨ ਜੁ 5.5 ਅੰਕ ਨਾਲ ਦੂਜੇ ਸਥਾਨ ’ਤੇ ਰਹੀ। ਹਰੀਕਾ 4.5 ਅੰਕ ਨਾਲ ਸਾਂਝੇ ਤੌਰ ’ਤੇ ਪੰਜਵੇਂ ਸਥਾਨ ’ਤੇ ਰਹੀ।