ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਕਮੇਟੀ ਦੀ ਮੈਂਬਰ ਬੀਬੀ ਅਮਨਜੋਤ ਕੌਰ ਰਾਮੂੰਵਾਲੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੀ ਆਕਾਲ ਤਖ਼ਤ ਸਾਹਿਬ ਨੂੰ ਹਰੇਕ ਸਿੱਖ ਸਿਰ ਝੁਕਾਉਂਦਾ ਹੈ, ਚਾਹੇ ਉਹ ਕਿਸੇ ਪਾਰਟੀ ਨਾਲ ਸਬੰਧਿਤ ਹੋਵੇ। ਉਨ੍ਹਾਂ ਕਿਹਾ ਕਿ ਪੰਥਕ ਪਾਰਟੀ ਕਹਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਸ੍ਰੀ ਆਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਨਜ਼ਰਅੰਦਾਜ ਕਰ ਕੇ ਵਲਟੋਹੇ ਨੂੰ ਪਾਰਟੀ ’ਚੋਂ ਨਹੀ ਕੱਢਿਆ ਬਲਕਿ ਅਸਤੀਫਾ ਲੈਣ ਦਾ ਡਰਾਮਾ ਕੀਤਾ।

ਉਨ੍ਹਾਂ ਕਿਹਾ ਕਿ ਜਦ ਗਿਆਨੀ ਹਰਪ੍ਰੀਤ ਸਿੰਘ ਨੇ 2 ਦਸੰਬਰ ਨੂੰ ਸੱਚ ’ਤੇ ਪਹਿਰਾ ਦਿੰਦਿਆਂ ਇਨਾਂ ਦੇ ਗੁਨਾਹਾਂ ਦੀ ਗੁਰਮੁਰਿਆਦਾ ਅਨੁਸਾਰ ਸ੍ਰੀ ਅਕਾਲ ਤਖ਼ਤ ਦੀ ਪ੍ਰੰਪਰਾਵਾਂ ਤਹਿਤ ਸਜ਼ਾ ਸੁਣਾਈ ਤਾਂ ਇਨਾਂ ਲੀਡਰਾਂ ਦੇ ਹੰਕਾਰ ਨੂੰ ਸੱਟ ਵੱਜੀ। ਉਨ੍ਹਾਂ ਕਿਹਾ ਕਿ ਇੰਨਾਂ ਲੋਕਾਂ ਨੇ ਉਸੇ ਹੰਕਾਰ ਤਹਿਤ ਗਿਆਨੀ ਹਰਪ੍ਰੀਤ ਸਿੰਘ ਦੀ ਕਿਰਦਾਰਕੁਸ਼ੀ ਕਰ ਕੇ ਉਨ੍ਹਾਂ ਨੂੰ ਅਹੁਦੇ ਲਾਂਭੇ ਕਰ ਦਿੱਤਾ।

ਬੀਬੀ ਅਮਨਜੋਤ ਰਾਮੂੰਵਾਲੀਆ ਨੇ ਕਿਹਾ ਕਿ ਹੰਕਾਰ ਦੇ ਘੋੜੇ ’ਤੇ ਸਵਾਰ ਆਕਾਲੀ ਲੀਡਰ ਇਸ ਗੱਲ ਤੋਂ ਬਹੁਤ ਔਖੇ ਹਨ ਕਿ ਜਿਹਨਾਂ ਨੂੰ ਕੱਲ ਤੱਕ ਉਹ ਹੁਕਮ ਕਰਦੇ ਸਨ, ਉਨ੍ਹਾਂ ਨੇ ਹੀ ਉਹਨਾਂ ਨੂੰ ਸਜ਼ਾ ਸੁਣਾ ਦਿੱਤੀ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਦੀਆਂ ਗੱਲਾਂ ਸਿਰਫ਼ ਅਕਾਲੀ ਆਗੂ ਦਿਖਾਵੇ ਲਈ ਕਰਦੇ ਹਨ ਪ੍ਰੰਤੂ ਹਕੀਕਤ ਕੁਝ ਹੋਰ ਹੈ।

ਅਮਨਜੋਤ ਕੌਰ ਰਾਮੂੰਵਾਲੀਆ ਨੇ ਕਿਹਾ ਕਿ ਇੱਕ ਸਿੱਖ ਵਜੋਂ ਉਹ ਅੰਤਰਿਮ ਕਮੇਟੀ ਦੀ ਫੈਸਲੇ ਦੀ ਨਿੰਦਾ ਕਰਦੇ ਹਨ ਅਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕਰਦੇ ਹਨ ਕਿ ਉਹ ਤਖ਼ਤ ਦੇ ਹੁਕਮਾਂ ਨੂੰ ਨਾ ਮੰਨਣ ਵਾਲੇ ਆਗੂਆਂ ਵਿਰੁੱਧ ਤੁਰੰਤ ਕਾਰਵਾਈ ਕਰਨ।