ਚੰਡੀਗੜ੍ਹ, 22 ਅਗਸਤ
ਭਾਰਤ-ਪਾਕਿਸਤਾਨ ਸਰਹੱਦ ’ਤੇ ਜ਼ੀਰੋ ਲਾਈਨ ਦੇ ਨੇੜਲੇ ਦਰਜਨਾਂ ਪਿੰਡਾਂ ਦਾ ਸੰਪਰਕ ਟੁੱਟਦਾ ਜਾ ਰਿਹਾ ਹੈ ਅਤੇ ਲੋਕ ਪਿੰਡ ਛੱਡ ਕੇ ਸੁਰੱਖਿਅਤ ਥਾਵਾਂ ਵੱਲ ਜਾ ਰਹੇ ਹਨ। ਕਰੀਬ 11 ਪਿੰਡਾਂ ਦਾ ਸੜਕੀ ਸੰਪਰਕ ਟੁੱਟ ਚੁੱਕਾ ਹੈ ਅਤੇ ਸਿਰਫ਼ ਕਿਸ਼ਤੀਆਂ ਜ਼ਰੀਏ ਹੀ ਇਨ੍ਹਾਂ ਪਿੰਡਾਂ ਦੀ ਪਹੁੰਚ ਬਾਕੀ ਬਚੀ ਹੈ। ਲੰਘੇ 24 ਘੰਟਿਆਂ ਵਿਚ ਹੜ੍ਹਾਂ ਕਾਰਨ ਪੰਜ ਹੋਰ ਵਿਅਕਤੀ ਜਾਨ ਗੁਆ ਚੁੱਕੇ ਹਨ। ਫ਼ਾਜ਼ਿਲਕਾ ਅਤੇ ਫ਼ਿਰੋਜ਼ਪੁਰ ਜ਼ਿਲ੍ਹਿਆਂ ਵਿਚ ਸਰਹੱਦ ਅਤੇ ਸਤਲੁਜ ਦਰਿਆ ਦੇ ਵਿਚਕਾਰ ਪੈਂਦੇ ਪਿੰਡਾਂ ਦੇ ਲੋਕਾਂ ਨੂੰ ਘਰ-ਬਾਰ ਛੱਡ ਕੇ ਜਾਣਾ ਪੈ ਰਿਹਾ ਹੈ।
ਫ਼ਾਜ਼ਿਲਕਾ ਦੇ ਗੱਟੀ ਰਾਜੋ ਕੇ ਦੇ ਖੇਤਰ ਦੇ ਕਰੀਬ ਦੋ ਦਰਜਨ ਪਿੰਡਾਂ ਦੇ ਘਰਾਂ ਵਿਚ ਪਾਣੀ ਦਾਖ਼ਲ ਹੋ ਚੁੱਕਾ ਹੈ। ਇਨ੍ਹਾਂ ਪਿੰਡਾਂ ਦੇ ਲੋਕਾਂ ਨੇ ਮੁੱਖ ਮੰਤਰੀ ਨੂੰ ਗੁਹਾਰ ਲਾਈ ਹੈ ਕਿ ਉਨ੍ਹਾਂ ਨੂੰ ਬਚਾਉਣ ਦੇ ਪ੍ਰਬੰਧ ਕੀਤੇ ਜਾਣ। ਇਸ ਖ਼ਿੱਤੇ ਦੇ ਅੱਧੀ ਦਰਜਨ ਸਕੂਲਾਂ ਵਿਚ ਵੀ ਪਾਣੀ ਭਰ ਗਿਆ ਹੈ।
ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ ਵਿਚ 22 ਤੋਂ 25 ਅਗਸਤ ਤੱਕ ਭਾਰੀ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ ਜਿਸ ਕਰਕੇ ਪੰਜਾਬ ’ਚ ਹੜ੍ਹਾਂ ਦਾ ਖ਼ਤਰਾ ਅਜੇ ਟਲਿਆ ਨਹੀਂ ਹੈ। ਪੰਜਾਬ ਸਰਕਾਰ ਨੇ ਭਾਖੜਾ ਅਤੇ ਪੌਂਗ ਡੈਮ ਨੂੰ ਹੁਣ ਹਿਮਾਚਲ ਪ੍ਰਦੇਸ਼ ’ਚੋਂ ਆਉਣ ਵਾਲੇ ਪਾਣੀ ਨੂੰ ਝੱਲਣ ਦੇ ਯੋਗ ਬਣਾ ਲਿਆ ਹੈ। ਡੈਮਾਂ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਕਾਫ਼ੀ ਹੇਠਾਂ ਆ ਗਿਆ ਹੈ ਜਿਸ ਕਰਕੇ ਪਹਾੜਾਂ ਤੋਂ ਪਾਣੀ ਆਉਣ ’ਤੇ ਫ਼ੌਰੀ ਡੈਮਾਂ ’ਚੋਂ ਦਰਿਆਵਾਂ ਵਿਚ ਪਾਣੀ ਛੱਡਣ ਦੀ ਨੌਬਤ ਨਹੀਂ ਆਏਗੀ।
ਜਾਣਕਾਰੀ ਮੁਤਾਬਕ ਕਪੂਰਥਲਾ ਅਤੇ ਫਾਜਿਲ਼ਕਾ ਜ਼ਿਲ੍ਹਿਆਂ ਵਿਚ ਹੜ੍ਹਾਂ ਕਾਰਨ ਪੰਜ ਵਿਅਕਤੀਆਂ ਦੀ ਮੌਤ ਹੋਈ ਹੈ ਜਦੋਂ ਕਿ ਇਨ੍ਹਾਂ ਜ਼ਿਲ੍ਹਿਆਂ ਦੇ ਤਿੰਨ ਹੋਰ ਵਿਅਕਤੀ ਲਾਪਤਾ ਦੱਸੇ ਜਾ ਰਹੇ ਹਨ। ਫ਼ਾਜ਼ਿਲਕਾ ਦੇ ਪਿੰਡ ਤੇਜਾ ਰੋਹੇਲਾ ਦਾ ਰਾਜ ਸਿੰਘ (45) ਪਾਣੀ ਵਿਚ ਰੁੜ੍ਹ ਗਿਆ। ਉਹ ਬੇੜੀ ਵਿਚ ਆਪਣੇ ਪਿੰਡ ਦੇ ਹਾਲਾਤ ਦੇਖਣ ਜਾ ਰਿਹਾ ਸੀ। ਇਸੇ ਤਰ੍ਹਾਂ ਪਿੰਡ ਘੁਰਕਾ ਵਿਚ 11 ਸਾਲ ਦੇ ਬੱਚੇ ਦੀ ਮੌਤ ਹੋਈ ਹੈ। ਮੋਟੇ ਅੰਦਾਜ਼ੇ ਅਨੁਸਾਰ ਸਰਹੱਦੀ ਖੇਤਰ ’ਚ ਕਰੀਬ 10 ਹਜ਼ਾਰ ਏਕੜ ਰਕਬੇ ਦੀ ਫ਼ਸਲ ਹੜ੍ਹਾਂ ਕਾਰਨ ਤਬਾਹ ਹੋ ਗਈ ਹੈ। ਸਰਹੱਦੀ ਜ਼ਿਲ੍ਹਿਆਂ ਤਰਨ ਤਾਰਨ, ਫ਼ਾਜ਼ਿਲਕਾ ਅਤੇ ਫ਼ਿਰੋਜ਼ਪੁਰ ਦੇ ਸੈਂਕੜੇ ਪਿੰਡਾਂ ਵਿਚ ਹਾਲਾਤ ਬਦਤਰ ਬਣੇ ਹੋਏ ਹਨ। ਪਿੰਡ ਹਰੀਕੇ ਹਥਾੜ ਵਿਚ ਧੁੱਸੀ ਬੰਨ੍ਹ ਦੇ ਟੁੱਟਣ ਕਰ ਕੇ ਤਰਨ ਤਾਰਨ ਜ਼ਿਲ੍ਹੇ ਦੇ ਦਰਜਨਾਂ ਪਿੰਡ ਪਾਣੀ ਦੀ ਲਪੇਟ ਵਿਚ ਆਏ ਹੋਏ ਹਨ। ਜਾਣਕਾਰੀ ਅਨੁਸਾਰ ਧੁੱਸੀ ਬੰਨ੍ਹ ਦੇ ਪਾੜ ’ਚੋਂ ਕਰੀਬ ਸੌ ਫੁੱਟ ਪਾੜ ਨੂੰ ਪੂਰ ਦਿੱਤਾ ਗਿਆ ਹੈ। ਤਰਨ ਤਾਰਨ ਜ਼ਿਲ੍ਹੇ ਵਿਚ 12 ਹਜ਼ਾਰ ਵਿਅਕਤੀ ਪ੍ਰਭਾਵਿਤ ਹੋਏ ਹਨ। ਹੁਸ਼ਿਆਰਪੁਰ ਜ਼ਿਲ੍ਹੇ ਵਿਚ ਕਰੀਬ 200 ਘਰਾਂ ਨੂੰ ਨੁਕਸਾਨ ਪੁੱਜਾ ਹੈ। ਭਾਖੜਾ ਡੈਮ ਵਿਚ ਪਾਣੀ ਦਾ ਪੱਧਰ 1672.70 ਫੁੱਟ ਆ ਗਿਆ। ਪੌਂਗ ਡੈਮ ਵਿਚ ਪਾਣੀ ਦਾ ਪੱਧਰ ਕਰੀਬ 10 ਫੁੱਟ ਹੇਠਾਂ ਆਇਆ ਹੈ। ਪੌਂਗ ਡੈਮ ’ਚੋਂ ਕਰੀਬ 67 ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ। ਸੂਬੇ ਵਿਚ ਹਾਲਾਂਕਿ 36.93 ਐੱਮਐੱਮ ਵਰਖਾ ਹੋਈ ਹੈ ਪ੍ਰੰਤੂ ਹਿਮਾਚਲ ਦੇ ਮੀਂਹ ਆਫਤ ਬਣੇ ਹੋਏ ਹਨ। ਸਤਲੁਜ ਦੀ ਸਥਿਤੀ ਦੇਖੀਏ ਤਾਂ ਹੁਸੈਨੀਵਾਲਾ ਵਿਖੇ 1.56 ਲੱਖ ਜਦੋਂ ਕਿ ਹਰੀਕੇ ਵਿਖੇ 1.60 ਲੱਖ ਕਿਊਸਿਕ ਪਾਣੀ ਚੱਲ ਰਿਹਾ ਹੈ। ਕਪੂਰਥਲਾ ਦੇ ਢਿੱਲਵਾਂ ਵਿਖੇ ਅੱਜ ਪਾਣੀ ਦਾ ਪੱਧਰ 1.55 ਲੱਖ ਕਿਊਸਿਕ ਤੋਂ ਘਟ ਕੇ 1.39 ਲੱਖ ਕਿਊਸਿਕ ਰਹਿ ਗਿਆ ਹੈ।