ਬ੍ਰੇਸਬ੍ਰਿੱਜ, ਓਨਟਾਰੀਓ, 29 ਅਪਰੈਲ : ਓਨਟਾਰੀਓ ਦੀ ਕਾਟੇਜ ਕੰਟਰੀ ਵਿੱਚ ਆਏ ਹੜ੍ਹਾਂ ਦੀ ਸਥਿਤੀ ਵਿੱਚ ਕੋਈ ਸੁਧਾਰ ਹੁੰਦਾ ਨਜ਼ਰ ਨਹੀਂ ਆ ਰਿਹਾ। ਇਸ ਲਈ ਇੱਕ ਵਾਰੀ ਫਿਰ ਇੱਥੇ ਐਮਰਜੰਸੀ ਐਲਾਨ ਦਿੱਤੀ ਗਈ ਹੈ। ਹੋਰ ਮੀਂਹ ਪੈਣ ਤੋਂ ਪਹਿਲਾਂ ਇੱਥੋਂ ਦੀ ਕਮਿਊਨਿਟੀ ਦੀ ਮਦਦ ਕਰਨ ਲਈ ਕੈਨੇਡੀਅਨ ਆਰਮਡ ਫੋਰਸਿਜ਼ ਨੂੰ ਇੱਥੇ ਸੱਦਿਆ ਗਿਆ ਹੈ।
ਮੇਅਰ ਫਿੱਲ ਹਾਰਡਿੰਗ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਵਿੱਚ ਇੱਥੇ 12 ਸੈਂਟੀਮੀਟਰ ਤੋਂ ਵੀ ਵੱਧ ਮੀਂਹ ਪੈਣ ਕਾਰਨ ਪਾਣੀ ਦਾ ਪੱਧਰ ਵੱਧ ਜਾਣ ਕਾਰਨ ਮਸਕੋਕਾ ਲੇਕਜ਼ ਵਿੱਚ ਐਤਵਾਰ ਨੂੰ ਮੁੜ ਐਮਰਜੰਸੀ ਐਲਾਨ ਦਿੱਤੀ ਗਈ। ਪ੍ਰੈੱਸ ਕਾਨਫਰੰਸ ਵਿੱਚ ਉਨ੍ਹਾਂ ਆਖਿਆ ਕਿ ਸਾਰੇ ਅੰਦਾਜਿ਼ਆਂ ਮੁਤਾਬਕ ਪਾਣੀ ਦਾ ਪੱਧਰ ਇੱਥੇ ਅਜੇ ਹੋਰ ਵਧੇਗਾ। ਅਜਿਹਾ ਕਰਨ ਦਾ ਸਾਡਾ ਮੁੱਖ ਕਾਰਨ ਸਥਾਨਕ ਵਾਸੀਆਂ ਦੀ ਸੇਫਟੀ ਦਾ ਧਿਆਨ ਰੱਖਣਾ ਹੈ।
ਹੰਟਸਵਿੱਲੇ, ਮਿੰਡੇਨ ਹਿੱਲਜ਼ ਤੇ ਬ੍ਰੇਸਬ੍ਰਿੱਜ ਵਿੱਚ ਐਮਰਜੰਸੀ ਐਲਾਨੇ ਜਾਣ ਤੋਂ ਬਾਅਦ ਮਸਕੋਕਾ ਲੇਕਜ਼ ਇਹ ਐਮਰਜੰਸੀ ਐਲਾਨਣ ਵਾਲੀ ਟੋਰਾਂਟੋ ਦੀ ਨਵੀਂ ਕਮਿਊਨਿਟੀ ਹੈ। ਇੱਥੇ ਹੋਰ ਮੀਂਹ ਪੈਣ ਦੀ ਹੋਈ ਪੇਸ਼ੀਨਿਗੋਈ ਤੋਂ ਬਾਅਦ ਤੋਂ ਹੀ ਬ੍ਰੇਸਬ੍ਰਿੱਜ ਨੇ ਕੈਨੇਡੀਅਨ ਆਰਮਡ ਫੋਰਸਿਜ਼ ਨੂੰ ਹੜ੍ਹਾਂ ਖਿਲਾਫ ਲੋਕਾਂ ਦੀ ਮਦਦ ਕਰਨ ਲਈ ਸੱਦਿਆ ਹੈ।
ਮੇਅਰ ਗ੍ਰੇਅਡਨ ਸਮਿੱਥ ਨੇ ਆਖਿਆ ਕਿ ਦੋ ਕੁ ਦਿਨਾਂ ਲਈ ਇੱਥੇ ਭਾਵੇਂ ਮੀਂਹ ਨਾ ਪੈਣ ਦੀ ਗੱਲ ਆਖੀ ਗਈ ਹੈ ਪਰ ਬੁੱਧਵਾਰ ਨੂੰ ਮੁੜ 25 ਮਿਲੀਮੀਟਰ ਮੀਂਹ ਦੀ ਪ੍ਰਗਟਾਈ ਗਈ ਸੰਭਾਵਨਾਂ ਤੋਂ ਇਹੋ ਲੱਗਦਾ ਹੈ ਕਿ ਪਹਿਲਾਂ ਤੋਂ ਹੀ ਵਧੇ ਹੋਏ ਪਾਣੀ ਦੇ ਪੱਧਰ ਨੂੰ ਘਟਣ ਵਿੱਚ ਸਮਾਂ ਲੱਗੇਗਾ। ਇਸੇ ਪ੍ਰੈੱਸ ਕਾਨਫਰੰਸ ਵਿੱਚ ਲੈਫਟੀਨੈਂਟ ਕਰਨਲ ਗ੍ਰਾਹਮ ਵਾਲਸ਼ ਨੇ ਆਖਿਆ ਕਿ ਇਸ ਇਲਾਕੇ ਵਿੱਚ 60 ਸੈਨਿਕ ਤਾਇਨਾਤ ਕੀਤੇ ਗਏ ਹਨ ਤਾਂ ਕਿ ਐਮਰਜੰਸੀ ਹਾਲਾਤ ਉੱਤੇ ਕਾਬੂ ਪਾਇਆ ਜਾ ਸਕੇ। ਇਨ੍ਹਾਂ ਦੀ ਮਦਦ ਨਾਲ ਰੇਤੇ ਦੇ ਬੋਰੇ ਭਰ ਕੇ ਪਾਣੀ ਨੂੰ ਬੰਨ੍ਹ ਮਾਰਨ ਦੀ ਕੋਸਿ਼ਸ਼ ਕੀਤੀ ਜਾਵੇਗੀ।