ਮੁੰਬਈ, 9 ਦਸੰਬਰ

ਸੁਸ਼ਾਂਤ ਸਿੰਘ ਰਾਜਪੂਤ ਹੌਲੀਵੁੱਡ ਵਿਚ ਫਿਲਮਾਂ ਕਰਨਾ ਚਾਹੁੰਦਾ ਸੀ ਤੇ ਉਸ ਨੇ ਲਾਸ ਏਂਜਲਜ਼ ਵਿਚ ਮਕਾਨ ਖਰੀਦਣ ਦੀ ਯੋਜਨਾ ਬਣਾ ਲਈ ਸੀ। ਇਹ ਜਾਣਕਾਰੀ ਸੁਸ਼ਾਂਤ ਦੇ ਨਜ਼ਦੀਕੀ ਦੋਸਤ ਨੇ ਦਿੰਦਿਆਂ ਦੱਸਿਆ ਕਿ ਸੁਸ਼ਾਂਤ ਨੇ ਹੌਲੀਵੁੱਡ ਵਿਚ ਕਰੀਅਰ ਸ਼ੁਰੂ ਕਰਨ ਬਾਰੇ ਫੈਸਲਾ ਕਰ ਲਿਆ ਸੀ। ਸੁਸ਼ਾਂਤ ਦੇ ਕਰੀਬੀ ਮਿੱਤਰ ਵਿਸ਼ਾਦ ਦੂਬੇ ਨੇ ਇੰਸਟਾਗਰਾਮ ’ਤੇ ਸੁਸ਼ਾਂਤ ਦੇ ‘ਕੇਦਾਰਨਾਥ’ ਫਿਲਮ ਦੇ ਤਜਰਬੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਦੋਵੇਂ ਗੌਰੀਕੁੰਡ (ਕੇਦਾਰਨਾਥ) ਵਿਚ ਫਿਲਮ ਦੀ ਸ਼ੂਟਿੰਗ ਦੇ ਸਿਲਸਿਲੇ ਵਿਚ ਮਿਲੇ ਸਨ ਤੇ ਉਸ ਵੇਲੇ ਸੁਸ਼ਾਂਤ ਨੇ ਦੱਸਿਆ ਸੀ ਕਿ ਉਹ ਹੁਣ ਸਿਰਫ ਬੌਲੀਵੁੱਡ ਦੀਆਂ ਫਿਲਮਾਂ ਹੀ ਨਹੀਂ ਕਰੇਗਾ ਤੇ ਸਾਲ 2020 ਵਿਚ ਉਹ ਹੌਲੀਵੁੱਡ ਵਿਚ ਹੋਵੇਗਾ ਪਰ ਉਹ ਇਥੇ ਆਪਣੀਆਂ ਪਹਿਲਾਂ ਦੀਆਂ ਫਿਲਮਾਂ ਦੀ ਸ਼ੂਟਿੰਗ ਮੁਕੰਮਲ ਕਰੇਗਾ। ਉਸ ਵੇਲੇ ਸੁਸ਼ਾਂਤ ਨੇ ਉਸ ਨੂੰ ਲਾਸ ਏਂਜਲਸ ਵਿਚ ਆਪਣੇ ਸੁਪਨੇ ਦੇ ਘਰ ਦਾ ਖਾਕਾ ਵੀ ਦਿਖਾਇਆ ਸੀ। ਵਿਸ਼ਾਦ ਨੇ ਇਹ ਵੀ ਦੱਸਿਆ ਕਿ ਸੁਸ਼ਾਂਤ ਨੇ ਉਸ ਨੂੰ ਸ਼ੂਟਿੰਗ ਦੌਰਾਨ ਇਥੇ ਹੀ ਰਹਿਣ ਨੂੰ ਕਿਹਾ ਜਦਕਿ ਉਸ ਕੋਲ ਸਰਦੀ ਲਈ ਪੂਰੇ ਕੱਪੜੇ ਵੀ ਨਹੀਂ ਸਨ। ਉਸ ਨੇ ਦੱਸਿਆ ਕਿ ਸੁਸ਼ਾਂਤ ਨੂੰ ਇਕੱਲੇ ਰਹਿਣਾ ਪਸੰਦ ਨਹੀਂ ਸੀ। ਜ਼ਿਕਰਯੋਗ ਹੈ ਕਿ ਸੁਸ਼ਾਂਤ ਦੀ ਮੁੰਬਈ ਦੇ ਫਲੈਟ ਵਿਚ ਇਸ ਸਾਲ 14 ਜੂਨ ਨੂੰ ਮੌਤ ਹੋ ਗਈ ਸੀ।