ਪਟਿਆਲਾ ਤੋਂ ਬਹੁਤ ਹੀ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਇੱਥੇ ਇੱਕ 80 ਸਾਲ ਦਾ ਮ੍ਰਿਤਕ ਵਿਅਕਤੀ ਅਚਾਨਕ ਜ਼ਿੰਦਾ ਹੋ ਗਿਆ। ਦਰਅਸਲ ਬੀਤੇ ਦਿਨ ਪਟਿਆਲਾ ਵਿੱਚ ਇੱਕ 80 ਸਾਲਾ ਵਿਅਕਤੀ ਦੀ ਮੌਤ ਹੋ ਗਈ ਸੀ। ਉਸ ਦੀ ਮੌਤ ਦੇ ਤਿੰਨ ਘੰਟੇ ਬਾਅਦ ਜਦੋਂ ਪਰਿਵਾਰ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਕਰ ਰਿਹਾ ਸੀ ਤਾਂ ਅਚਾਨਕ ਬਜ਼ੁਰਗ ਦੇ ਸਾਹ ਚੱਲਣ ਲੱਗੇ। ਬਜ਼ੁਰਗ ਵਿਅਕਤੀ ਦਾ ਨਾਂ ਦਰਸ਼ਨ ਸਿੰਘ ਹੈ ਜੋ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਸੀ।
ਮਿਲੀ ਜਾਣਕਾਰੀ ਅਨੁਸਾਰ ਬਜ਼ੁਰਗ ਦਰਸ਼ਨ ਸਿੰਘ ਨੂੰ ਦਿਲ ਦੀ ਬਿਮਾਰੀ ਕਾਰਨ ਪਟਿਆਲਾ ਦੇ ਇੱਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਜਿੱਥੇ ਡਾਕਟਰਾਂ ਨੇ ਕੱਲ੍ਹ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਸੀ, ਉਸ ਦੀ ਮੌਤ ਬਾਰੇ ਜਿਵੇਂ ਹੀ ਲੋਕਾਂ ਨੂੰ ਪਤਾ ਲੱਗਾ ਤਾਂ ਵੱਡੀ ਗਿਣਤੀ ਵਿੱਚ ਲੋਕ ਉਸ ਦੇ ਘਰ ਇਕੱਠੇ ਹੋਣੇ ਸ਼ੁਰੂ ਹੋ ਗਏ। ਪਰਿਵਾਰ ਨੂੰ ਅੰਤਿਮ ਸੰਸਕਾਰ ਲਈ ਸਮਾਂ ਦਿੱਤਾ ਗਿਆ ਸੀ ਅਤੇ ਪਰਿਵਾਰਕ ਮੈਂਬਰ ਆਪਣੇ ਘਰ ਪਹੁੰਚ ਚੁੱਕੇ ਸਨ। ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਗਈ।
ਇਸ ਦੌਰਾਨ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਵੀ ਮੁਕੰਮਲ ਕਰ ਲਈਆਂ ਗਈਆਂ। ਹਸਪਤਾਲ ‘ਚ ਕਾਗਜ਼ੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਦਰਸ਼ਨ ਸਿੰਘ ਦੀ ਲਾਸ਼ ਘਰ ਲਿਜਾਣ ਦੀਆਂ ਤਿਆਰੀਆਂ ਵੀ ਕਰ ਲਈਆਂ ਗਈਆਂ ਹਨ। ਇਸ ਦੌਰਾਨ ਜਦੋਂ ਦਰਸ਼ਨ ਸਿੰਘ ਨੂੰ ਐਂਬੂਲੈਂਸ ਵਿੱਚ ਘਰ ਲਿਜਾਇਆ ਜਾ ਰਿਹਾ ਸੀ ਤਾਂ ਐਂਬੂਲੈਂਸ ਇੱਕ ਟੋਏ ਨਾਲ ਟਕਰਾ ਗਈ ਅਤੇ ਇਸ ਤੋਂ ਬਾਅਦ ਦਰਸ਼ਨ ਸਿੰਘ ਦੇ ਸਾਹ ਚੱਲਣ ਲੱਗੇ। 80 ਸਾਲਾ ਮ੍ਰਿਤਕ ਦਰਸ਼ਨ ਸਿੰਘ ਮੁੜ ਜ਼ਿੰਦਾ ਹੋ ਗਿਆ। ਅਚਾਨਕ ਜਾਨ ਵਿੱਚ ਜਾਨ ਆਉਣ ਨਾਲ ਬਜ਼ੁਰਗ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ,ਜਿਥੇ ਹੁਣ ਦਰਸ਼ਨ ਸਿੰਘ ਦਾ ਇਲਾਜ ਚੱਲ ਰਿਹਾ ਹੈ।