ਕੰਪਨੀ ਦੇ ਚੇਅਰਮੈਨ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਪ੍ਰਾਜੈਕਟ ਤੋਂ ਜਾਣੂ ਕਰਾਇਆ, 6000 ਤੋਂ ਵੱਧ ਲੋਕਾਂ ਨੂੰ ਮਿਲੇਗਾ ਰੁਜ਼ਗਾਰ
ਚੰਡੀਗੜ੍ਹ, 14 ਫਰਵਰੀ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਪੰਜਾਬ ਅੰਦਰ ਸਨਅਤੀ ਵਿਕਾਸ ਨੂੰ ਹੁਲਾਰਾ ਦੇਣ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਆਟੋ ਪਾਰਟਸ ਦੇ ਖੇਤਰ ‘ਚ ਦੇਸ਼ ਦੀ ਇਕ ਮੋਹਰੀ ਕੰਪਨੀ ਮੈਸਰਜ਼ ਹੈਪੀ ਫੋਰਜਿੰਗਸ ਲਿਮਿਟਿਡ (ਐਚ.ਐਫ.ਐਲ) ਨੇ ਵੀਰਵਾਰ ਨੂੰ ਸੂਬੇ ਵਿੱਚ ਪ੍ਰਸਤਾਵਤ 550 ਕਰੋੜ ਰੁਪਏ ਦੇ ਨਿਵੇਸ਼ ਨਾਲ ਇੱਕ ਵੱਡੀ ਉਤਪਾਦਨ ਇਕਾਈ ਸਥਾਪਤ ਕਰਨ ਦਾ ਫੈਸਲਾ ਲਿਆ ਹੈ।
ਐਚ.ਐਫ.ਐਲ ਦੇ ਚੇਅਰਮੈਨ ਪਰਿਤੋਸ਼ ਕੁਮਾਰ ਗਰਗ ਦੀ ਅੱਜ ਇੱਥੇ ਮੁੱਖ ਮੰਤਰੀ ਨਾਲ ਇਕ ਮੁਲਾਕਾਤ ਦੌਰਾਨ ਕੰਪਨੀ ਨੇ ਇਸ ਫੈਸਲੇ ਦਾ ਐਲਾਨ ਕੀਤਾ। ਕੰਪਨੀ ਨੇ ਆਪਣਾ ਯੂਨਿਟ ਸਥਾਪਤ ਕਰਨ ਲਈ 20 ਏਕੜ ਜ਼ਮੀਨ ਪਹਿਲਾਂ ਹੀ ਪ੍ਰਾਪਤ ਕਰਨ ਦੇ ਨਾਲ-ਨਾਲ ‘ਇਨਵੈਸਟ ਪੰਜਾਬ’ ਰਾਹੀਂ ਲੋੜੀਂਦੀਆਂ ਪ੍ਰਵਾਨਗੀਆਂ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ। ਇਸ ਪ੍ਰਾਜੈਕਟ ਨਾਲ ਸਿੱਧੇ ਤੌਰ ‘ਤੇ 1000 ਅਤੇ ਅਸਿੱਧੇ ਤੌਰ ‘ਤੇ ਘੱਟੋ-ਘੱਟ 5000 ਲੋਕਾਂ ਨੂੰ ਰੁਜ਼ਗਾਰ ਮੁਹੱਈਆ ਹੋਵੇਗਾ।
ਮੀਟਿੰਗ ਦੌਰਾਨ ਪਰਿਤੋਸ਼ ਗਰਗ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਇਸ ਉਤਪਾਦਨ ਇਕਾਈ ਦੇ ਪਹਿਲੇ ਪੜਾਅ ‘ਤੇ ਕੰਮ ਜਾਰੀ ਹੈ ਅਤੇ ਆਉਂਦੇ ਵਿੱਤੀ ਵਰ੍ਹੇ ਦੀ ਸਮਾਪਤੀ ਤੱਕ ਇੱਥੇ ਕੰਮ ਸ਼ੁਰੂ ਹੋ ਜਾਵੇਗਾ। ਉਨ੍ਹਾਂ ਇਨਵੈਸਟ ਪੰਜਾਬ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਸ ਇਕ ਛੱਤ ਹੇਠ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਵਾਲੇ ਦਫ਼ਤਰ ਸਦਕਾ ਉਨ੍ਹਾਂ ਦੀ ਯੋਜਨਾ ਅਸਲੀਅਤ ਵਿੱਚ ਤਬਦੀਲ ਹੋ ਸਕੀ ਹੈ।
ਸ਼੍ਰੀ ਗਰਗ ਨੇ ਉਦਯੋਗਾਂ ਦੀ ਮੰਗ ਪੂਰੀ ਕਰਦੇ ਹੋਏ ਨਾ ਸਿਰਫ਼ ਪੰਜ ਰੁਪਏ ਪ੍ਰਤੀ ਯੂਨਿਟ ਬਿਜਲੀ ਮੁਹੱਈਆ ਕਰਵਾਉਣ ਸਗੋ ਰਿਆਇਤਾਂ ਵਾਲੀ ਉਦਯੋਗਿਕ ਨੀਤੀ ਨੂੰ ਅਮਲੀ ਜਾਮਾ ਪਹਿਨਾਉਣ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਉਦਯੋਗਾਂ ਅਤੇ ਕਿਰਤਿਆਂ ਵਿਚਾਲੇ ਗੂੜੇ ਅਤੇ ਵਧੀਆ ਸਬੰਧ ਪੈਦਾਵਾਰ ਲਈ ਸਹਾਈ ਹੋ ਰਹੇ ਹਨ।
ਮੀਟਿੰਗ ਉਪਰੰਤ ਇਕ ਬੁਲਾਰੇ ਨੇ ਦੱਸਿਆ ਕਿ ਇਸ ਪ੍ਰੋਜੈਕਟ ਨਾਲ ਆਟੋਮੋਬਾਈਲ ਅਤੇ ਆਟੋ ਪਾਰਟਸ ਨਾਲ ਸੰਬੰਧਤ ਉਦਯੋਗਾਂ ਨੂੰ ਹੋਰ ਹੁਲਾਰਾ ਮਿਲੇਗਾ ਅਤੇ ਇਹ ਪ੍ਰਾਜੈਕਟ ਸੂਬੇ ਵਿੱਚ ਇਸ ਉਦਯੋਗ ਦੀ ਮਜ਼ਬੂਤ ਸਥਾਪਤੀ ਲਈ ਸਹਾਈ ਸਿੱਧ ਹੋਵੇਗਾ।
ਬੁਲਾਰੇ ਨੇ ਦੱਸਿਆ ਕਿ ਐਚ.ਐਫ.ਐਲ. ਦੀ ਪਿਛਲੇ ਵਿੱਤੀ ਵਰ੍ਹੇ ਦੌਰਾਨ ਸਾਲਾਨਾ ਟਰਨਓਵਰ 560 ਕਰੋੜ ਰੁਪਏ ਸੀ ਜਿਸ ਵਿੱਚ ਚਾਲੂ ਵਿੱਤੀ ਵਰ੍ਹੇ ਦੌਰਾਨ 45 ਫੀਸਦੀ ਦਾ ਵਾਧਾ ਹੋਣ ਦੀ ਸੰਭਾਵਨਾ ਹੈ ਅਤੇ ਨਵੇਂ ਯੂਨਿਟ ਦੀ ਸਥਾਪਤੀ ਨਾਲ ਇਹ ਕੰਪਨੀ ਹਰ ਮਹੀਨੇ 1000 ਮੀਟਰਿਕ ਟਨ ਲੋਹਾ ਢਾਲ ਕੇ ਫੋਰਜਿੰਗ ਖੇਤਰ ਦੀ ਦੇਸ਼ ਵਿੱਚ ਦੂਜੇ ਨੰਬਰ ਦੀ ਕੰਪਨੀ ਬਣੇਗੀ।
ਅਤਿ ਆਧੁਨਿਕ ਢਲਾਈ ਅਤੇ ਮਸ਼ੀਨੀ ਸਹੂਲਤਾਂ ਨਾਲ ਲੈਸ ਐਚ.ਐਫ.ਐਲ. ਵੱਖ-ਵੱਖ ਇੰਜਣ ਮਸ਼ੀਨਾਂ ਦੇ ਪਾਰਟਸ, ਟਰਾਂਸਮਿਸ਼ਨ, ਸਸਪੈਂਸ਼ਨ, ਰੇਲ ਗੱਡੀਆਂ ਨਾਲ ਸਬੰਧਤ ਪਾਰਟਸ, ਤੇਲ ਅਤੇ ਗੈਸ ਆਦਿ ਬਣਾਉਣ ਵਿੱਚ ਮਾਹਰ ਹੈ। ਐਚ.ਐਫ.ਐਲ. ਦੇ ਉਤਪਾਦਾਂ ਵਿੱਚ ਕਰੈਂਕ ਸ਼ਾਫਟ, ਫਰੰਟ ਐਕਸਲ ਬੀਮ, ਸਟੇਅਰਿੰਗ ਪੁਰਜੇ, ਸਪਿੰਡਲ, ਡਿਫਰੈਂਸ਼ਿਅਲ ਕੇਸ, ਕਨੈਕਟਿੰਗ ਰਾਡਸ, ਟਾਈ ਰਾਡਸ ਅਸੈਂਬਲੀ, ਪਿਸਟਨ ਪਿੰਨਾਂ, ਗੇਅਰ ਬਲੈਂਕਸ, ਹਬਸ, ਕਰਾਉਨ ਅਤੇ ਪਿਨੀਅਨਜ਼ ਆਦਿ ਸ਼ਾਮਲ ਹਨ ਅਤੇ ਕੰਪਨੀ ਕਈ ਦੇਸੀ ਅਤੇ ਵਿਦੇਸ਼ੀ ਕੰਪਨੀਆਂ ਦੀ ਭਰੋਸੇਮੰਦ ਸਪਲਾਇਰ ਹੈ। ਇਨ੍ਹਾਂ ਕੰਪਨੀਆਂ ਵਿੱਚ ਅਸ਼ੋਕ ਲੇਅਲੈਂਡ, ਮਹਿੰਦਰਾ ਐਂਡ ਮਹਿੰਦਰਾ, ਜੇ.ਸੀ.ਬੀ., ਐਸਕੋਰਟਸ, ਸਵਰਾਜ ਟ੍ਰੈਕਟਰਜ਼, ਇੰਟਰਨੈਸ਼ਨਲ ਟ੍ਰੈਕਟਰਜ਼, ਸੋਨਾਲੀਕਾ, ਆਈਸ਼ਰ ਟ੍ਰੈਕਟਰਜ਼, ਮੈਰੀਟੋਰ ਇਟਲੀ, ਮੈਰੀਟੋਰ ਸਵੀਡਨ, ਓਰਲੀਕੋਨ ਗ੍ਰੈਜ਼ੈਨਿਓ (ਦਾਨਾ), ਯੇਨਮਾਰ ਜਾਪਾਨ, ਅਮੇਰੀਕਨ ਐਕਸਲਜ਼, ਆਟੋਮੋਟਿਵ ਐਕਸਲਜ਼, ਜੋਸਟ, ਈਟਨ, ਡੈਮਲਰ ਆਦਿ ਸ਼ਾਮਲ ਹਨ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਵਧੀਕ ਮੁੱਖ ਸਕੱਤਰ ਇਨਵੈਸਟਮੈਂਟ ਪ੍ਰਮੋਸ਼ਨ ਵਿਨੀ ਮਹਾਜਨ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਗੁਰਕਿਰਤ ਕ੍ਰਿਪਾਲ ਸਿੰਘ ਅਤੇ ਇਨਵੈਸਟ ਪੰਜਾਬ ਦੇ ਸੀ.ਈ.ਓ. ਰਜਤ ਅਗਰਵਾਲ ਹਾਜ਼ਰ ਸਨ।